- ਸਮੂਹ ਆੜਤੀਆਂ ਅਤੇ ਰਾਈਸ ਮਿੱਲਰਾਂ ਨਾਲ ਕੀਤੀ ਬੈਠਕ
ਫਰੀਦਕੋਟ 24 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਪਾਰੀਆਂ ਨੂੰ ਢੋਆ ਢੁਆਈ ਸਬੰਧੀ ਦਰਪੇਸ਼ ਆ ਰਹੀਆਂ ਦਿੱਕਤਾਂ ਦਾ ਗੰਭੀਰ ਨੋਟਿਸ ਲੈਂਦਿਆ ਸਮੂਹ ਆੜਤੀਆਂ ਅਤੇ ਰਾਈਸ ਮਿੱਲਰਾਂ ਦੇ ਮਾਲਕਾਂ ਨਾਲ ਵਿਸ਼ੇਸ਼ ਬੈਠਕ ਕੀਤੀ। ਮੀਟਿਗ ਦੌਰਾਨ ਹਾਜ਼ਰੀਨ ਨੇ ਦੱਸਿਆ ਕਿ ਕੋਟਕਪੂਰਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 06 ਰਾਈਸ ਮਿੱਲਾਂ ਹਨ ਅਤੇ 4 ਮੈਦਾ ਮਿੱਲਾਂ ਹਨ। ਜਿੰਨਾਂ ਵਿੱਚੋਂ 03 ਬਾਸਮਤੀ ਦਾ ਨਿਰਯਾਤ ਵੀ ਕਰਦੇ ਹਨ। ਇਸ ਤੋਂ ਇਲਾਵਾ 55 ਤੋਂ 60 ਦੇ ਵਿਚ ਰਾਈਸ ਮਿੱਲਰ ਹਨ। ਉਨ੍ਹਾਂ ਦੱਸਿਆ ਕਿ ਕੱਚੇ ਖਾਦ ਪਦਾਰਥ ਨੂੰ ਬਾਜ਼ਾਰ ਵਿੱਚ ਉਤਾਰਨ ਲਈ ਪ੍ਰੋਸੈਸਿੰਗ ਦੌਰਾਨ ਢੋਆ ਢੁਆਈ ਵੀ ਕੀਤੀ ਜਾਂਦੀ ਹੈ। ਜਿਸ ਦੌਰਾਨ ਛੋਟੇ ਅਤੇ ਵੱਡੀ ਕਿਸਮ ਦੇ ਟਰੱਕਾਂ ਦੀ ਸਹਾਇਤਾ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਢੋਆ ਢੁਆਈ ਦੇ ਮਨਮਾਨੇ ਢੰਗ ਨਾਲ ਮੁੱਲ ਨਿਰਧਾਰਤ ਕਰਨ ਕਾਰਨ ਜਾਂ ਹੋਰ ਕਾਰਨ ਕਈ ਵਾਰ ਉਨ੍ਹਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਈ ਵਾਰ ਤਾਂ ਇਸ ਤਰ੍ਹਾਂ ਦਾ ਵੀ ਹੋਇਆ ਹੈ ਕਿ ਦੋ ਧਿਰਾਂ ਵੱਲੋਂ ਕੀਤਾ ਗਿਆ ਸੌਦਾ ਵੀ ਇਸ ਮਨਮਾਨੀ ਕਰਕੇ ਸਿਰੇ ਨਹੀਂ ਚੜ੍ਹ ਪਾਇਆ। ਸਪੀਕਰ ਕੁਲਤਾਰ ਸੰਧਵਾਂ ਨੇ ਇਸ ਮਨਮਾਨੀ ਨੂੰ ਗੰਭੀਰ ਮੁੱਦਾ ਦੱਸਦਿਆ ਕਿਹਾ ਕਿ ਇਸ ਇਲਾਕੇ ਦੇ ਵਪਾਰੀਆਂ ਨੂੰ ਵਪਾਰ ਕਰਨ ਵਿਚ ਮਨਮਾਨੀ ਦੇ ਢੰਗ ਨੂੰ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੀ ਹਰ ਜਾਇਜ ਮੰਗ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਆਸ਼ਵਾਸ਼ਨ ਦਿੱਤਾ ਕਿ ਵਪਾਰੀ ਵਰਗ ਦੀ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਕੋਈ ਵੀ ਨਜ਼ਾਇਜ਼ ਕੰਮ ਵਪਾਰੀਆਂ ਲਈ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਤੇ ਗੰਭੀਰ ਚਿੰਤਨ ਕਰਕੇ ਇਸ ਦਾ ਢੁੱਕਵਾਂ ਹੱਲ ਕੱਢ ਲੈਣਗੇ। ਇਸ ਦੌਰਾਨ ਆੜਤੀਆਂ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਸੁਖਾਲੇ ਮਾਹੋਲ ਵਿੱਚ ਆਪਣੇ ਵਪਾਰ ਨੂੰ ਪ੍ਰਫੁੱਲਤ ਕਰ ਸਕਣਗੇ।