ਪੀਏਯੂ ਦੇ ਉੱਚ ਅਧਿਕਾਰੀਆਂ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ

ਲੁਧਿਆਣਾ, 28 ਅਗਸਤ 2024 : ਪੀ.ਏ.ਯੂ.ਦੇ ਨਵੇਂ ਦਾਖਲ ਹੋਏ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਅੱਜ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਆਯੋਜਿਤ ਕਰਵਾਇਆ ਗਿਆ। ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਨਵੇਂ ਦਾਖਲਾ ਲੈਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਯੂਨੀਵਰਸਿਟੀ ਵਲੋਂ ਖੇਤੀ ਦੇ ਨਾਲ ਨਾਲ ਸਾਹਿਤ, ਸੱਭਿਆਚਾਰ, ਭਾਸ਼ਾ ਅਤੇ ਹੋਰ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਗੱਲ ਕੀਤੀ। ਨਾਲ ਹੀ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਵਿਸ਼ੇਸ਼ ਖੇਤਰ ਵਿੱਚ ਆਪਣਾ ਸਥਾਨ ਬਣਾਉਣ, ਸਖਤ ਮਿਹਨਤ ਕਰਨ ਅਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਰਹਿਣ। ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਪੀਏਯੂ ਦੀ ਰਵਾਇਤ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮੌਕਿਆਂ ਦਾ ਫਾਇਦਾ ਉਠਾਉਣ, ਨਿਸ਼ਾਨੇ ਮਿੱਥ ਕੇ ਮਿਹਨਤ ਕਰਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਸਫਲਤਾ ਦੀ ਪੌੜੀ ਚੜ੍ਹਨ ਲਈ ਆਪਣੇ ਸੀਨੀਅਰਾਂ ਤੋਂ ਪ੍ਰੇਰਿਤ ਹੋਣ ਲਈ ਕਿਹਾ। ਰਜਿਸਟਰਾਰ ਸ਼੍ਰੀ ਰਿਸ਼ੀ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਉੱਚ ਯੋਗਤਾ ਹਾਸਲ ਕਰਨ ਲਈ ਯਤਨਸ਼ੀਲ ਹੋਣ।  ਇਸ ਯੂਨੀਵਰਸਿਟੀ ਦੀ ਫ਼ਿਜ਼ਾ ਵਿੱਚੋਂ ਨਾਮਵਰ ਸਾਹਿਤਕਾਰ, ਅਕਾਦਮਿਕ, ਪ੍ਰਸ਼ਾਸਕ, ਕਲਾਕਾਰ, ਖਿਡਾਰੀ ਆਦਿ ਪੈਦਾ ਹੁੰਦੇ ਰਹੇ ਹਨ। ਡਾ. ਮਾਨਵ ਇੰਦਰਾ ਸਿੰਘ ਗਿੱਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼, ਨੇ ਪੀਏਯੂ ਦੀ ਇਕ ਸੰਸਥਾ ਵਜੋਂ ਉੱਚੀ ਪਦਵੀ ਉੱਪਰ ਝਾਤ ਪਵਾਈ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੀ ਏ ਯੂ ਦੀ ਸਥਾਪਨਾ,ਖੋਜ, ਅਧਿਆਪਨ ਅਤੇ ਪਸਾਰ ਢਾਂਚੇ ਨਾਲ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਕਰਵਾਈ ਗਈ 2024 ਐੱਨ ਆਈ ਆਰ ਐੱਫ ਰੈਂਕਿੰਗ ਵਿੱਚ ਯੂਨੀਵਰਸਿਟੀ ਨੂੰ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਅੱਵਲ ਸਥਾਨ ਦਿੱਤਾ ਗਿਆ ਹੈ। ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਨੇ ਪ੍ਰਬੰਧਕੀ ਇਮਾਰਤ ਥਾਪਰ ਹਾਲ, ਪੰਜ ਕਾਂਸਟੀਚੂਐਂਟ ਕਾਲਜ, ਕਿਸਾਨ ਸੇਵਾ ਕੇਂਦਰ, ਸੰਚਾਰ ਕੇਂਦਰ, ਹੁਨਰ ਵਿਕਾਸ ਕੇਂਦਰ, ਸਾਰੇ ਆਡੀਟੋਰੀਅਮ ਆਦਿ ਇਮਾਰਤਾਂ ਦੀ ਸਥਾਪਨਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਖੇਤੀ ਸਾਹਿਤ ਨੂੰ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਡਾ: ਵਿਸ਼ਾਲ ਬੈਕਟਰ ਨੇ ਵਿਦਿਆਰਥੀਆਂ ਨੂੰ ਉੱਚ ਟੀਚਾ ਰੱਖਣ, ਤਰੱਕੀ ਕਰਨ, ਵਿਕਾਰਾਂ ਤੋਂ ਦੂਰ ਰਹਿਣ, ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਦੀ ਤਾਕੀਦ ਕੀਤੀ। ਡਾ: ਰੁਪਿੰਦਰ ਕੌਰ ਤੂਰ ਨੇ ਸੱਭਿਆਚਾਰਕ, ਸਾਹਿਤ ਅਤੇ ਕਲਾ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ। ਡਾ ਸੁਖਬੀਰ ਸਿੰਘ, ਡਾ ਹਰਮੀਤ ਸਿੰਘ ਸਰਲਾਚ  ਅਤੇ ਡਾ: ਲਵਲੀਸ਼ ਗਰਗ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਖੇਡ ਸੰਗਠਨ, ਰਾਸ਼ਟਰੀ ਸੇਵਾ ਯੋਜਨਾ ਅਤੇ ਰਾਸ਼ਟਰੀ ਕੈਡਿਟ ਕੋਰ ਸਮੇਤ ਯੁਵਾ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਡਾ.ਕਮਲਜੀਤ ਸਿੰਘ ਸੂਰੀ, ਚੀਫ਼ ਵਾਰਡਨ (ਲੜਕੇ) ਅਤੇ ਡਾ: ਜਸਪ੍ਰੀਤ ਕੌਰ, ਚੀਫ਼ ਮੈਡੀਕਲ ਅਫ਼ਸਰ, ਪੀਏਯੂ ਨੇ ਹੋਸਟਲ ਅਤੇ ਹਸਪਤਾਲ ਸੇਵਾਵਾਂ ਬਾਰੇ ਗੱਲ ਕਰਦਿਆਂ ਵਿਦਿਆਰਥੀ ਭਾਈਚਾਰੇ ਦੀ ਭਲਾਈ ਲਈ ਪੀਏਯੂ ਦੀਆਂ ਪਹਿਲਕਦਮੀਆਂ ਬਾਰੇ ਦੱਸਿਆ। ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ: ਯੋਗਿਤਾ ਸ਼ਰਮਾ ਨੇ ਲਗਭਗ 4 ਲੱਖ ਕਿਤਾਬਾਂ ਦੇ ਸੰਗ੍ਰਹਿ ਸਮੇਤ ਲਾਇਬ੍ਰੇਰੀ ਦੀਆਂ ਸਹੂਲਤਾਂ, ਏਅਰ-ਕੰਡੀਸ਼ਨਡ ਹਾਲ ਅਤੇ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਬਾਰੇ ਚਾਨਣਾ ਪਾਇਆ। ਉਨ੍ਹਾਂ  ਦੱਸਿਆ ਕਿ ਲਾਇਬ੍ਰੇਰੀ ਦਾ ਨਾਮ ਪੀਏਯੂ ਦੇ ਦੂਜੇ ਵਾਈਸ-ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੇ ਨਾਮ 'ਤੇ ਰੱਖਿਆ ਗਿਆ ਹੈ, ਜੋ ਵਿਗਿਆਨ ਅਤੇ ਕਲਾ 'ਤੇ ਧਿਆਨ ਕੇਂਦਰਿਤ ਕਰਕੇ ਯੂਨੀਵਰਸਿਟੀ ਦੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਜਾਣੇ ਜਾਂਦੇ ਹਨ। ਡਾ ਖੁਸ਼ਦੀਪ ਸਿੰਘ ਧਰਨੀ ਨੇ ਪੀਏਯੂ ਦੇ ਵਿਦਿਆਰਥੀਆਂ ਦੀ ਬਹੁ-ਰਾਸ਼ਟਰੀ ਕੰਪਨੀਆਂ, ਬੈਂਕਾਂ, ਵਿਦਿਅਕ ਸੰਸਥਾਵਾਂ ਵਿੱਚ ਪਲੇਸਮੈਂਟ ਜਾਂ ਉੱਦਮੀ ਜਾਂ ਸਟਾਰਟਅੱਪ ਵਜੋਂ ਆਪਣਾ ਕਾਰੋਬਾਰ ਚਲਾਉਣ ਬਾਰੇ ਗੱਲ ਕੀਤੀ। ਡਾ: ਨਿਰਮਲ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਪਤਵੰਤਿਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਅੰਗਰੇਜ਼ੀ ਦੇ ਐਸੋਸੀਏਟ ਪ੍ਰੋਫੈਸਰ ਡਾ: ਆਸ਼ੂ ਤੂਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।