ਰੋਪੜ, 04 ਮਾਰਚ : ਰੋਪੜ ਵਿਖੇ ਕੇਂਦਰੀ ਯੁਵਾ ਖੇਡ, ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 2 ਦਿਨ ਲਈ ਪੁਲਿਸ ਮੰਗਣ ਵਾਲਿਆਂ ਨੇ ਦੇਖੋ ਪੰਜਾਬ ਵਿਚ ਇਕ ਸਾਲ ਵਿਚ ਕੀ ਹਾਲ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਮਨ-ਕਾਨੂੰਨ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸਿਆਸੀ ਨਕਾਰਾਤਮਕਤਾ ਕਾਰਨ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਦੂਜਿਆਂ ਨੂੰ ਸਵਾਲ ਕਰਨ ਵਾਲੇ ਹੁਣ ਦੱਸਣ ਕਿ ਪੰਜਾਬ ਵਿੱਚ ਇਸ ਅਰਾਜਕਤਾ ਲਈ ਕੌਣ ਜ਼ਿੰਮੇਵਾਰ ਹੈ। ਹੁਣ ਤਾਂ ਕੇਜਰੀਵਾਲ ਕੋਲ ਵੀ ਆਪਣੀ ਪੁਲਿਸ ਹੈ ਅਤੇ ਸਾਰਾ ਪ੍ਰਬੰਧ ਵੀ ਉਨ੍ਹਾਂ ਦੇ ਹੱਥਾਂ ਵਿਚ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਸਭ ਦੇ ਸਾਹਮਣੇ ਹੈ ਕਿ ਸਿਰਫ਼ ਇੱਕ ਸਾਲ ਵਿਚ ਪੰਜਾਬ ਦਾ ਕੀ ਹਾਲ ਬਣ ਗਿਆ ਹੈ। ਪਹਿਲਾਂ ਪੰਜਾਬ ਦੀ ਪੂਰੇ ਦੇਸ਼ ਵਿਚ ਚਰਚਾ ਹੁੰਦੀ ਸੀ। ਪੰਜਾਬ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ, ਹੁਣ ਚਰਚਾ ਕਿਸੇ ਹੋਰ ਪਾਸੇ ਚਲੀ ਗਈ ਹੈ। ਇੱਥੇ ਵਾਪਰੀਆਂ ਘਟਨਾਵਾਂ ਆਪਣੇ ਆਪ ਵਿਚ ਕਿਸ ਦਿਸ਼ਾ ਵੱਲ ਸੰਕੇਤ ਕਰਦੀਆਂ ਹਨ, ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਸਟਮ ਵਿਚ ਤਬਦੀਲੀ ਨਹੀਂ ਸਗੋਂ ਸਿਸਟਮ ਦੀ ਟੁੱਟ-ਭੱਜ ਹੈ।