ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ 

ਸ੍ਰੀ ਫ਼ਤਹਿਗੜ੍ਹ ਸਾਹਿਬ,  05 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਜਸ਼ਨਪ੍ਰੀਤ ਕੌਰ, ਗੁਰਜੋਤ ਕੌਰ ਅਤੇ ਅੱਜਪਿੰਦਰ ਕੌਰ ਨੇ ਵਿਭਾਗ ਦੇ ਅਧਿਆਪਕ ਡਾ. ਜਗਦੀਸ਼ ਸਿੰਘ ਦੀ ਯੋਗ ਅਗਵਾਈ ਹੇਠ ਆਈਡੀਆ ਫਾਈਡ 3.0 ਮੁਕਾਬਲੇ ਵਿੱਚ ਹਿੱਸਾ ਲਿਆ। ਵਰਣਨਯੋਗ ਹੈ ਕਿ ਇਹ ਮੁਕਾਬਲਾ ਟੀ.ਬੀ.ਆਈ. ਆਈ.ਆਈ.ਐਸ.ਈ.ਆਰ. ਮੋਹਾਲੀ ਅਤੇ ਪੰਜਾਬ ਸਟੇਟ ਕਾਊਂਸਲ ਆਫ਼ ਸਾਇੰਸ ਐਂਡ ਤਕਨਲੋਜੀ ਵਲੋਂ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਇੱਕ ਵਿਗਿਆਨਕ ਪ੍ਰੋਜੈਕਟ ਦੀ ਪੇਸ਼ਕਾਰੀ ਕੀਤੀ ਅਤੇ ਫ਼ਸਟ ਰੱਨਰਅੱਪ ਸਥਾਨ ਪ੍ਰਾਪਤ ਕੀਤਾ।  ਇਸ ਉਸਾਰੂ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਖੋਜ ਕਰਤਾਵਾਂ ਵਿੱਚ ਨਵੀਨਤਾ ਦੇ ਸੱਭਿਆਚਾਰ ਨੂੰ ਵਧਾਉਣਾ ਅਤੇ ਅੰਡਰ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਪੋਸਟ ਡਾਕਟੋਰਲ ਪੱਧਰ ‘ਤੇ ਵਪਾਰਕ ਸੱਭਿਆਚਾਰ ਲਈ ਜਾਗਰੂਕਤਾ ਫੈਲਾਉਣਾ ਸੀ। ਇਸ ਮੁਕਾਬਲੇ ਨੂੰ ਕਰਵਾਉਣ ਲਈ ਐਸ.ਐਚ.ਈ. ਵਰਕਸ਼ਾਪ ਰਾਹੀਂ ਡਾ. ਦੀਪਇੰਦਰ ਕੌਰ ਬਖ਼ਸ਼ੀ ਦੀ ਮਿਹਨਤ ਸਦਕਾ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਈ ਅਤੇ ਉਨ੍ਹਾਂ ਵਿੱਚੋਂ 100 ਵਿਦਿਆਰਥੀਆਂ ਦੀ ਆਨਲਾਈਨ ਪੇਸ਼ਕਾਰੀ ਲਈ ਗਈ ਜਿਨ੍ਹਾਂ ਵਿੱਚੋਂ 30 ਵਿਦਿਆਰਥੀਆਂ ਨੇ ਆਫ਼ਲਾਈਨ ਪੇਸ਼ਕਾਰੀ ਕੀਤੀ ਜਿਨ੍ਹਾਂ ਵਿਚੋਂ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਇਹ ਮਾਣਮੱਤੀ ਪ੍ਰਾਪਤੀ ਕੀਤੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਇਸ ਮੌਕੇ ਕਾਲਜ ਦੇ ਕੰਟ੍ਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਬਾਇਓਟੈਕਨਾਲੋਜੀ ਵਿਭਾਗ ਦੇ ਡਾ. ਜਗਦੀਸ਼ ਸਿੰਘ ਅਤੇ ਡਾ. ਮੋਨਿਕਾ ਵੀ ਹਾਜ਼ਰ ਸਨ।