ਪਰਾਲੀ ਪ੍ਰਬੰਧਨ: ਡਿਪਟੀ ਕਮਿਸ਼ਨਰ ਵਲੋਂ ਪਿੰਡਵਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ

  • ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਪਿੰਡ ਪੱਧਰੀ ਕਮੇਟੀਆਂ ਰਹਿਣਗੀਆਂ ਸਰਗਰਮ
  • ਮਨਰੇਗਾ ਵਰਕਰਾਂ ਤੇ ਹੋਰ ਧਿਰਾਂ ਨੇ ਮੁਹਿੰਮ ਵਿੱਚ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ

ਬਰਨਾਲਾ, 1 ਅਕਤੂਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ - ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਨੂੰ ਅੱਗ ਨਾ ਲੱਗਣ ਦੇਣ ਲਈ ਵਿੱਢੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਵਲੋਂ ਪਿੰਡਵਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਪਿੰਡ ਸੇਖਾ, ਸ਼ਹਿਣਾ, ਜੋਧਪੁਰ ਤੇ ਠੀਕਰੀਵਾਲ ਪਿੰਡਾਂ ਦੇ ਪਟਵਾਰੀਆਂ, ਪੰਚਾਇਤ ਸਕੱਤਰਾਂ, ਪੰਚਾਇਤ ਪ੍ਰਧਾਨਾਂ, ਆਂਗਣਵਾੜੀ ਵਰਕਰਾਂ, ਨੰਬਰਦਾਰਾਂ, ਚੌਕੀਦਾਰਾਂ ਤੇ ਨਰੇਗਾ ਵਰਕਰਾਂ ਨਾਲ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਖੁਦ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਪੱਧਰੀ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਪਟਵਾਰੀ, ਪੰਚਾਇਤ ਸਕੱਤਰ, ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਆਂਗਣਵਾੜੀ ਵਰਕਰ, ਨੰਬਰਦਾਰ, ਚੌਕੀਦਾਰ ਤੇ ਨਰੇਗਾ ਵਰਕਰ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਬਚਾਉਣਾ ਹਰ ਇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿਉੰਕਿ ਅਸੀਂ ਸਾਰੇ ਇਸੇ ਵਾਤਾਵਰਣ ਵਿੱਚ ਸਾਹ ਲੈਂਦੇ ਹਨ, ਓਹਨਾ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨਾਲ ਮੀਟਿੰਗਾਂ ਕਰਨ ਅਤੇ ਇਸ ਮੁਹਿੰਮ ਵਿਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਛਾਣੇ ਹਾਟ ਸਪਾਟ ਪਿੰਡਾਂ ਵਿਚ ਵਟਸਐਪ ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਵਿਚ ਪਿੰਡ ਪੱਧਰੀ ਟੀਮਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਇਸ ਤੋਂ ਇਲਾਵਾ ਤਾਇਨਾਤ ਕੀਤੇ ਸੀਨੀਅਰ ਅਧਿਕਾਰੀ ਪਿੰਡਾਂ ਵਿਚ ਜਾ ਕੇ ਮੀਟਿੰਗਾਂ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਨਰੇਗਾ ਵਰਕਰ ਪੰਜ ਕਿਸਾਨਾਂ ਦੀ ਨਿਗਰਾਨੀ ਕਰੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤਾਂ ਵਿਚ ਅੱਗ ਲੱਗਣ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਵਿਅਕਤੀਆਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਗਣਤੰਤਰ ਦਿਵਸ ਸਮਾਗਮ ਮੌਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਦਿੱਤੇ ਜਾਣਗੇ।