- ਮੰਤਰੀ ਦੇ ਓ.ਐੱਸ. ਡੀ. ਨੇ ਖੁਲਵਾਈ ਹੜਤਾਲ
ਬਰਨਾਲਾ, 22 ਦਸੰਬਰ : ਨਗਰ ਕੌਂਸਲ ਬਰਨਾਲਾ ਦੇ ਸਫਾਈ ਸੇਵਕਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਖਤਮ ਕਰ ਦਿੱਤੀ ਗਈ। ਸਫਾਈ ਸੇਵਕਾਂ ਨੇ ਭੁੱਖ ਹੜਤਾਲ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ. ਐੱਸ. ਡੀ. ਸ਼੍ਰੀ ਹਸਨਪ੍ਰੀਤ ਭਾਰਦਵਾਜ ਦੇ ਆਸ਼ਵਾਸਨ ਉੱਤੇ ਖਤਮ ਕੀਤੀ । ਸ਼੍ਰੀ ਹਸਨਪ੍ਰੀਤ ਨੇ ਦੱਸਿਆ ਕਿ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪਹਿਲ ਸਦਕਾ ਸਫਾਈ ਸੇਵਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ‘ਚ ਆਊਟਸੋਰਸ ਪ੍ਰਣਾਲੀ ਰਾਹੀਂ ਕੰਮ ਕਰ ਰਹੇ 400 ਸਫਾਈ ਸੇਵਕਾਂ ਨੂੰ ਠੇਕੇ ਉੱਤੇ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਫਾਈ ਸੇਵਕਾਂ ਦੀ ਠੇਕੇ ਉੱਤੇ ਅਧਾਰਿਤ 400 ਪੋਸਟਾਂ ਲਈ ਭਰਤੀ ਕਰਨ ਲਈ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਮੰਗੀਆ ਗਈਆਂ ਸਨ ਅਤੇ ਇਸ ਭਰਤੀ ਸਬੰਧੀ ਕੁੱਲ 1186 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਨਗਰ ਕੌਂਸਲ ਬਰਨਾਲਾ ਵੱਲੋਂ ਮੈਰਿਟ ਦੇ ਅਧਾਰ 'ਤੇ 1186 ਉਮੀਦਵਾਰਾਂ ਵਿੱਚੋਂ ਵੱਖ-ਵੱਖ ਕੈਟਾਗਿਰੀਆਂ ਅਧੀਨ 400 ਸਫਾਈ ਸੇਵਕਾਂ ਦੀ ਚੋਣ ਕੀਤੀ ਗਈ ਹੈ ਅਤੇ ਇਹਨਾਂ 400 ਸਫਾਈ ਸੇਵਕਾਂ ਵਿੱਚੋਂ ਲਗਭਗ 230 ਸਫਾਈ ਸੇਵਕ ਪਹਿਲਾਂ ਨਗਰ ਕੌਂਸਲ ਬਰਨਾਲਾ ਵਿਖੇ ਆਊਟਸੋਰਸ ਪ੍ਰਣਾਲੀ ਰਾਹੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਉਹਨਾ ਸਫਾਈ ਸੇਵਕਾਂ ਵੱਲੋਂ ਕਾਫੀ ਸਮੇਂ ਤੋਂ ਇਹਨਾ ਦੀ ਨਿਯੁਕਤੀ ਆਊਟਸੋਰਸ ਏਜੰਸੀ ਦੀ ਬਜਾਏ ਕੰਟਰੈਕਟ ‘ਤੇ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਸੀ। ਸੋ ਇਹਨਾ ਸਫਾਈ ਕਰਮਚਾਰੀਆ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਮੌਕੇ ਐਮ.ਸੀ. ਰੁਪਿੰਦਰ ਸ਼ੀਤਲ ਬੰਟੀ, ਐਮ. ਸੀ. ਮਲਕੀਤ ਸਿੰਘ, ਬਲਾਕ ਪ੍ਰਧਾਨ ਅਮਨ ਗੋਇਲ, ਆਪ ਆਗੂ ਓਮ ਪ੍ਰਕਾਸ਼ ਆਦਿ ਮੌਜੂਦ ਸਨ।