ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਅਨੁਸਾਸ਼ਨ ਦੀ ਭਾਵਨਾ ਪੈਦਾ ਕਰਦੀਆਂ ਹਨ : ਮੰਤਰੀ ਬੈਂਸ

ਸ੍ਰੀ ਅਨੰਦਪੁਰ ਸਾਹਿਬ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵਿਚ ਵਿੱਦਿਆ ਦੇ ਨਾਲ ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਖੇਡਾਂ ਵਿਦਿਆਰਥੀਆਂ ਵਿਚ ਅਨੁਸਾਸ਼ਨ ਦੀ ਭਾਵਨਾ ਪੈਦਾ ਕਰਦੀਆਂ ਹਨ। ਸਾਡੇ ਸੂਬੇ ਦੇ ਖਿਡਾਰੀਆਂ ਨੇ ਸੰਸਾਰ ਭਰ ਵਿਚ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋ ਸ੍ਰੀ ਦਸਮੇਸ ਮਾਰਸ਼ਲ ਅਕੈਡਮੀ ਵਿਖੇ ਤਿੰਨ ਰੋਜ਼ਾ ਜਿਲ੍ਹਾ ਪ੍ਰਾਇਮਰੀ ਸਕੂਲ ਖੇਡਾ ਦੀ ਸ਼ਾਨੋ ਸ਼ੋਕਤ ਨਾਲ ਸੁਰੂਆਤ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਖੇਡਾਂ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ। ਇਸ ਲਈ ਅਜਿਹੇ ਖੇਡ ਮੁਕਾਬਲੇ ਕਰਵਾਉਣੇ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕਰ ਰਹੀ ਹੈ। ਇਨ੍ਹਾਂ ਖੇਡ ਮੁਕਾਬਲਿਆ ਨਾਲ ਨਵੀ ਪਨੀਰੀ ਨੂੰ ਨਸ਼ਿਆ ਤੋ ਦੂਰ ਕਰ ਸਕਦੇ ਹਾਂ। ਉਨ੍ਹਾਂ ਖੇਡਾਂ ਮੌਕੇ ਪਹੁੰਚੇ ਜਿਲ੍ਹੇ ਦੇ ਸਮੂਹ ਅਧਿਆਪਕਾ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਕਰਵਾਉਣ ਨਾਲ ਵਿਦਿਆਰਥੀਆਂ ਵਿਚ ਖੇਡਾਂ ਤੋ ਇਲਾਵਾ ਹੋਰ ਗਤੀਵਿਧੀਆਂ ਵਿਚ ਰੁਝਾਨ ਪੈਦਾ ਹੁੰਦਾ ਹੈ, ਜੋ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਵੀ ਇਸੇ ਦਿਸ਼ਾਂ ਵਿਚ ਕੀਤਾ ਇੱਕ ਸ਼ਲਾਘਾਯੋਗ ਉਪਰਾਲਾ ਸੀ, ਜਿਸ ਦੇ ਬਹੁਤ ਹੀ ਸਾਰਥਕ ਤੇ ਸ਼ਲਾਘਾਯੋਗ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨਰੋਏ ਸਮਾਜ ਦੀ ਸਿਰਜਣਾ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਇਸ ਤੋ ਪਹਿਲਾਂ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਖੇਡ ਮੇਲੇ ਸਬੰਧੀ ਮੁਕੰਮਲ ਰਿਪੋਰਟ ਪੇ਼ਸ ਕੀਤੀ, ਉਨ੍ਹਾ ਕਿਹਾ ਕਿ ਇਸ ਖੇਡ ਮੇਲੇ ਵਿਚ ਜਿਲ੍ਹਾ ਰੂਪਨਗਰ ਦੇ 10 ਪ੍ਰਾਇਮਰੀ ਸਕੂਲ ਬਲਾਕਾ ਦੇ ਖਿਡਾਰੀ ਭਾਗ ਲੈ ਰਹੇ ਹਨ, ਜੋ ਲਗਭਗ 23 ਤਰਾਂ ਦੀਆਂ ਖੇਡਾਂ ਵਿਚ ਭਾਗ ਲੈਣਗੇ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਪਹਿਲੇ ਦਿਨ ਦੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ 11 ਸਾਲ 400 ਮੀਟਰ ਦੋੜ (ਲੜਕੇ) ਵਿਚ ਸਹਿਬਾਗ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਰੂਪਨਗਰ ਗਗਨਪ੍ਰੀਤ ਸਿੰਘ ਨੇ ਦੂਜਾ ਤੇ ਚਮਕੌਰ ਸਾਹਿਬ ਦੇ ਵਰਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਸਲੋਰਾ ਦੀ ਜਿਆਂ ਨੇ ਪਹਿਲਾ, ਚਮਕੌਰ ਸਾਹਿਬ ਦੀ ਜਸਮੀਨ ਨੇ ਦੂਜਾ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਅਨੱਨੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋ ਪਹਿਲਾ ਸਿੱਖਿਆ ਮੰਤਰੀ ਨੇ ਮਾਰਚ ਪਾਸਟ ਤੋ ਸਲਾਮੀ ਲਈ ਅਤੇ ਸਿੱਖਿਆ ਮੰਤਰੀ ਬੈਸ ਵੱਲੋ ਛੋਟੇ ਛੋਟੇ ਬੱਚਿਆਂ ਵਿਚ ਜਾ ਕੇ ਜਾਣ ਪਹਿਚਾਣ ਕੀਤੀ ਗਈ, ਇਨ੍ਹਾਂ ਬੱਚਿਆ ਨੇ ਸਿੱਖਿਆ ਮੰਤਰੀ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ, ਡਾ.ਸੰਜੀਵ ਗੌਤਮ, ਜਸਵੀਰ ਸਿੰਘ ਅਰੋੜਾ, ਸ਼ੰਮੀ ਬਰਾਰੀ, ਬਲਵਿੰਦਰ ਕੌਰ ਬੈਂਸ, ਬਚਿੱਤਰ ਸਿੰਘ ਬੈਂਸ, ਜਸਪ੍ਰੀਤ ਸਿੰਘ, ਬਖਤਾਵਰ ਸਿੰਘ ਰਾਣਾ, ਰਕੇਸ਼ ਕੁਮਾਰ ਰੋੜੀ, ਕੁਲਦੀਪ ਪ੍ਰਮਾਰ, ਮਨਿੰਦਰ ਰਾਣਾ, ਪਵਨ ਕੁਮਾਰ, ਰਾਜ ਕੁਮਾਰ, ਇੰਦਰਦੀਪ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਸੈਣੀ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਿੰਦਰਪਾਲ ਸਿੰਘ, ਤਾਰਾ ਰਾਣੀ, ਸ਼ਿਵਜੀਤ ਸਿੰਘ, ਮਲਕੀਤ ਸਿੰਘ ਆਦਿ ਹਾ਼ਜਰ ਸਨ।