
- ਪ੍ਰਿੰਸੀਪਲ ਸਰਵਣ ਸਿੰਘ ਖੇਡ ਪ੍ਰੇਮੀਆਂ ਦੇ ਰੂਬਰੂ ਹੋਏ
ਲੁਧਿਆਣਾ 15 ਅਪ੍ਰੈਲ, 2025 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਉਘੇ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਨਾਲ ਰੂਬਰੂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਖੇਡ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿਸਾ ਲਿਆ। ਇਸ ਸਮਾਗਮ ਦੀਆਂ ਪ੍ਰਧਾਨਗੀ ਕਰਦਿਆਂ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨਾਲ ਜੋੜਦੀਆਂ ਹਨ ਅਤੇ ਖੁਸ਼ਹਾਲ ਜੀਵਨ ਦਾ ਵਰਦਾਨ ਦਿੰਦੀਆਂ ਹਨ। ਡਾ. ਗੋਸਲ ਨੇ ਕਿਹਾ ਕਿ ਖੇਡਾਂ ਇੱਕ ਸੰਕਲਪ ਅਤੇ ਨਿਸ਼ਚੈ ਦਾ ਨਾਮ ਹੈ ਇਸ ਲਈ ਖਿਡਾਰੀਆਂ ਨੂੰ ਅਨੁਸ਼ਾਸ਼ਨ ਦਾ ਧਰਮ ਪਗਾਉਣਾ ਪੈਂਦਾ ਹੈ। ਡਾ ਗੋਸਲ ਨੇ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਬਾਰੇ ਚੰਗੇ ਲੇਖ ਅਤੇ ਕਹਾਣੀਆਂ ਲਿਖਣਾ ਵੀ ਵਿਲੱਖਣ ਕਲਾ ਹੈ ਕਿਉਂਕਿ ਚੰਗੀਆਂ ਲਿਖਤਾਂ ਖੇਡਾਂ ਵਿੱਚ ਰੁਚੀ ਪੈਦਾ ਕਰਦੀਆਂ ਹਨ। ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਪ੍ਰਿੰਸੀਪਲ ਸਰਵਣ ਸਿੰਘ ਕੋਲ ਦਿਲਚਸਪ ਸ਼ੈਲੀ ਹੈ ਅਤੇ ਖੇਡਾੰ ਪ੍ਰਤੀ ਉਹਨਾਂ ਦੀ ਸਾਧਨਾ ਵੀ ਹੈ। ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਪ੍ਰਿੰਸੀਪਲ ਸਰਵਣ ਸਿੰਘ ਪਿਛਲੇ ਛੇ ਦਹਾਕਿਆਂ ਤੋਂ ਲਗਾਤਾਰ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖ ਰਹੇ ਹਨ। ਰੂਬਰੂ ਦੌਰਾਨ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ਜੀਵਨ ਪੰਦ ਦਾ ਦ੍ਰਿਸ਼ ਖੂਬਸੂਰਤੀ ਨਾਲ ਪੇਸ਼ ਕੀਤਾ। ਉਹਨਾਂ ਨੌਜਵਾਨ ਖਿਡਾਰੀਆਂ ਨੂੰ ਕਿਹਾ ਕਿ ਦ੍ਰਿੜਤਾ ਅਤੇ ਮਿਹਨਤ ਦਾ ਪੱਲਾ ਕਦੇ ਨਾ ਛੱਡੋ ਤੁਹਾਨੂੰ ਮੰਜ਼ਿਲ ਜ਼ਰੂਰ ਮਿਲੇਗੀ। ਇਸ ਵਿਚਾਰ ਵਟਾਂਦਰੇ ਦੌਰਾਨ ਬ੍ਰਿਜ ਭੂਸ਼ਨ ਗੌਇਲ ਵੱਲੋਂ ਖੇਡਾਂ ਵਿੱਚ ਪਾਰਦਰਸ਼ਤਾ ਨੂੰ ਕਾਇਮ ਰੱਖਣ ਦੇ ਕੁਝ ਸੁਝਾਅ ਪੇਸ਼ ਕੀਤੇ ਗਏ। ਇਸ ਮੌਕੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ, ਡਾ ਧਰਮ ਸਿੰਘ ਸੰਧੂ, ਗੁਰਚਰਨ ਸਿੰਘ ਸ਼ੇਰਗਿੱਲ ਅਤੇ ਅਜਮੇਰ ਸਿੰਘ ਢੱਟ ਵੱਲੋਂ ਪ੍ਰਿੰਸੀਪਲ ਸਰਵਣ ਸਿੰਘ ਦਾ ਸਵਾਗਤ ਕੀਤਾ ਗਿਆ। ਡਾ ਅਜਮੇਰ ਸਿੰਘ ਢੱਟ ਡਾਇਰੈਕਟਰ ਖੋਜ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜੁਆਇੰਟ ਡਾਇਰੈਕਟਰ ਡਾ. ਕਮਲਜੀਤ ਸਿੰਘ ਸੂਰੀ, ਐਸੋਸੀਏਟ ਡਾਇਰੈਕਟਰ, ਕਲਚਰ ਡਾ. ਰੁਪਿੰਦਰ ਕੌਰ ਤੂਰ, ਸ੍ਰੀਮਤੀ ਕਮਲਜੀਤ ਕੌਰ, ਡਾ. ਪਰਮਵੀਰ ਸਿੰਘ, ਜਗਰੂਪ ਸਿੰਘ ਜਰਖੜ, ਮਨਦੀਪ ਕੌਰ ਭੰਮਰਾ, ਅਮਰਜੀਤ ਸੰਘ ਮੋਹੀ, ਗੁਲਜਾਰ ਪੰਧੇਰ, ਡਾ. ਕੁਲਦੀਪ ਸਿੰਘ ਪੰਧੂ, ਪ੍ਰੋ. ਸੋਹੀ, ਅਜੈ ਕੁਮਾਰ, ਸਤਵੀਰ ਸਿੰਘ, ਗੁਰਤੇਗ ਸਿੰਘ ਕੋਚ, ਕਰਨਵੀਰ ਸਿੰਘ ਗਿੱਲ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ ਸੁਖਬੀਰ ਸਿੰਘ ਸਹਾਇਕ ਨਿਰਦੇਸ਼ਕ ਸਰੀਰਕ ਸਿੱਖਿਆ ਵੱਲੋਂ ਕੀਤਾ ਗਿਆ।