ਸਿਹਤ ਵਿਭਾਗ ਵੱਲੋਂ 1 ਅਗਸਤ ਤੋਂ 7 ਅਗਸਤ 2024 ਤੱਕ ਮਨਾਇਆ ਜਾ ਰਿਹਾ ਹੈ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇਸ਼ ਹਫ਼ਤਾ: ਡਾ. ਨਵਜੋਤ ਕੌਰ  

ਸ੍ਰੀ ਮੁਕਤਸਰ ਸਾਹਿਬ, 01 ਅਗਸਤ 2024 : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਤੋਂ 7 ਅਗਸਤ 2024 ਤੱਕ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ. ਨਵਜੋਤ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਹਰੇਕ ਸਾਲ ਵਿਸ਼ਵ ਪੱਧਰ ਤੇ ਮਿਤੀ 1 ਤੋਂ 7 ਅਗਸਤ ਤੱਕ ਹਫ਼ਤਾ ਮਨਾਇਆ ਜਾਂਦਾ ਹੈ। ਇਸ ਹਫ਼਼ਤੇ ਦਾ ਮੁੱਖ ਮਕਸਦ ਗਰਭਵਤੀ ਮਾਵਾਂ, ਦੁੱਧ ਪਿਲਾਉਂਦੀਆਂ ਔਰਤਾਂ ਅਤੇ ਆਮ ਜਨਤਾ ਨੂੰ ਮਾਂ ਦੇ ਦੁੱਧ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਜਿਹੜੇ ਬੱਚੇ ਜਨਮ ਤੋਂ ਲੈ ਕੇ ਘੱਟੋ ਘੱਟ ਦੋ ਸਾਲ ਤੱਕ਼ ਮਾਂ ਦਾ ਦੁੱਧ  ਪੀਦੇਂ ਹਨ ਉਹ ਦੂਜੇ ਬੱਚਿਆਂ ਦੇ ਮੁਕਾਬਲੇ ਘੱਟ ਬਿਮਾਰ ਹੁੰਦੇ ਹਨ ਅਤੇ ਬੱਚੇ ਦੇ ਸਰੀਰਕ ਅਤੇ ਦਿਮਾਗੀ ਵਿਕਾਸ ਲਈ ਵੀ ਮਾਂ ਦਾ ਦੁੱਧ ਬਹੁਤ ਜਰੂਰੀ ਹੈ। ਮਾਂ ਦਾ ਦੁੱਧ ਪਿਲਾਉਣ ਨਾਲ ਬੱਚੇ ਤਾਂ ਤੰਦਰੁਸਤ ਰਹਿੰਦੇ ਹੀ ਹਨ ਸਗੋਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਕਈ ਬਿਮਾਰੀਆਂ ਤੋਂ ਬਚਦੀਆਂ ਹਨ ਅਤੇ ਮਾਂ ਅਤੇ ਬੱਚੇ ਦਾ ਆਪਸੀ ਪਿਆਰ ਬਣਿਆ ਰਹਿੰਦਾ ਹੈ। ਇਸ ਮੌਕੇ ਡਾ. ਕੁਲਤਾਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਜਨਮ ਤੋਂ ਬਾਅਦ ਪਹਿਲੇ  6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਹੋਰ ਕੁਝ ਵੀ ਨਹੀਂ ਦੇਣਾ ਚਾਹੀਦਾ। ਛੇ ਮਹੀਨੇ ਬਾਅਦ ਮਾਂ ਨੂੰ ਆਪਣੇ ਦੁੱਧ ਦੇ ਨਾਲ ਨਾਲ ਪੂਰਕ ਖੁਰਾਕ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ 2 ਸਾਲ ਤੱਕ ਮਾਂ ਦਾ ਦੁੱਧ ਪਿਲਾਉਦੇ ਰਹਿਣਾ ਚਾਹੀਦਾ ਹੈ, ਬੱਚੇ ਨੂੰ ਜਨਮ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਪਹਿਲਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿਸ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਕਿ ਬੱਚੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਦੇ ਹਨ। ਉਨ੍ਹਾਂ ਦੱਸਿਆ ਅੱਜ ਤੋਂ  ਜਿਲ੍ਹੇ ਦੇ ਸਮੂਹ ਫੀਲਡ ਸਟਾਫ਼ ਵਲੋਂ  ਗਰਭਵਤੀ ਮਾਵਾਂ, ਦੁੱਧ ਪਿਲਾੳਂਦੀਆਂ ਔਰਤਾਂ ਅਤੇ ਆਮ ਲੋਕਾਂ ਨੂੰ ਮਾਂ ਦੀ ਦੁੱਧ ਦੇ ਫਾਇਦਿਆਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।