ਪਿੰਡ ਸੇਖਾ ਵਿੱਚ ਅੱਜ ਲਾਇਆ ਜਾਵੇਗਾ 'ਸਰਕਾਰ ਤੁਹਾਡੇ ਦੁਆਰ' ਤਹਿਤ ਵਿਸ਼ੇਸ਼ ਕੈਂਪ:  ਡਿਪਟੀ ਕਮਿਸ਼ਨਰ

  • ਪਿੰਡ ਉੱਪਲੀ, ਕੱਟੂ, ਬਰਨਾਲਾ ਦਿਹਾਤੀ ਤੇ ਸੇਖਾ ਵਾਸੀ ਸਰਕਾਰੀ ਸਕੀਮਾਂ ਬਾਬਤ ਕੈਂਪ 'ਚ ਪੁੱਜਣ
  • ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਨੇ ਕੈਂਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਬਰਨਾਲਾ, 4 ਜੁਲਾਈ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੰਸਦ ਮੈਂਬਰ ਸ. ਗੁਰਮੀਤ ਸਿੰਘ Meet Hayer ਦੀ ਸੋਚ ਸਦਕਾ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਆਈ ਏ ਐੱਸ ਨੇ ਦੱਸਿਆ ਕਿ ਇਸ ਲੜੀ ਅਧੀਨ  "ਸਰਕਾਰ ਤੁਹਾਡੇ ਦੁਆਰ" ਤਹਿਤ ਵਿਸ਼ੇਸ਼ ਕੈਂਪ ਭਲਕੇ 5 ਜੁਲਾਈ ਨੂੰ ਪਿੰਡ ਸੇਖਾ ਦੀ ਸਟੋਰਾ ਪੱਤੀ ਧਰਮਸ਼ਾਲਾ ਵਿੱਚ ਸਵੇਰੇ 9 ਵਜੇ ਤੋਂ ਲਗਾਇਆ ਜਾਵੇਗਾ, ਜਿਸ ਅਧੀਨ ਆਸ-ਪਾਸ ਦੇ ਹੋਰ ਪਿੰਡਾਂ ਉਪਲੀ, ਕੱਟੂ ਤੇ ਬਰਨਾਲਾ (ਦਿਹਾਤੀ) ਦੇ ਲੋਕਾਂ ਨੂੰ ਕੈਂਪ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਭਾਗਾਂ/ ਸ਼ਾਖਾਵਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੌਕੇ ਉੱਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਤੇ ਲੋੜ ਅਨੁਸਾਰ ਸਰਕਾਰੀ ਦਸਤਾਵੇਜ਼ ਵੀ ਤਿਆਰ ਕਰਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਪ੍ਰਾਪਤ ਅਰਜ਼ੀਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧ ਵਿੱਚ ਐੱਸਡੀਐਮ ਬਰਨਾਲਾ ਸ੍ਰੀ ਵਰਿੰਦਰ ਸਿੰਘ ਨੇ  ਅੱਜ ਸਟੋਰਾ ਪੱਤੀ ਧਰਮਸ਼ਾਲਾ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਾਰੇ ਵਿਭਾਗਾਂ ਨੂੰ ਸਮੇਂ ਸਿਰ ਆਪਣੇ ਕਾਉੰਟਰ ਸਥਾਪਿਤ ਕਰਨ, ਸਰਕਾਰੀ ਸਕੀਮਾਂ ਬਾਰੇ ਬੈਨਰ ਲਗਾਉਣ ਸਮੇਤ ਹੋਰ ਲੋੜੀਂਦੇ ਪ੍ਰਬੰਧ ਅੱਜ ਹੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੈਂਪ ਦੌਰਾਨ ਲੋਕਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੌਕੇ ਉੱਤੇ ਪੈਨ ਕਾਰਡ, ਆਧਾਰ ਕਾਰਡ ਅਤੇ ਪੀ.ਐਮ. ਕਿਸਾਨ ਨਿਧੀ ਕਾਰਡ, ਵਿਧਵਾ /ਆਸ਼ਰਤ, ਬੁਢਾਪਾ ਪੈਨਸ਼ਨ ਲਈ, ਕਿਰਤ ਵਿਭਾਗ ਦੀਆਂ ਸਕੀਮਾਂ, ਸ਼ਗਨ ਸਕੀਮ,  ਰਿਹਾਇਸ਼ੀ ਪਤੇ 'ਚ ਸੋਧ ਕਰਵਾਉਣ ਲਈ, ਪੜ੍ਹਾਈ / ਖੇਤੀਬਾੜੀ / ਪਰਸਨਲ / ਘਰ ਲਈ ਕਰਜ਼ਿਆਂ ਸਬੰਧੀ, ਪੁਲਿਸ ਵੈਰੀਫਿਕੇਸ਼ਨ ਆਦਿ ਸਬੰਧੀ ਬੇਨਤੀ ਪੱਤਰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।