ਉੱਦਮੀ ਅਤੇ ਕ੍ਰਾਂਤੀਕਾਰੀ ਪੱਤਰਕਾਰ ਦੀ ਯਾਦ ਵਿੱਚ ਸਪੀਕਰ ਸੰਧਵਾਂ ਨੇ ਲਗਾਏ ਬੂਟੇ

ਫ਼ਰੀਦਕੋਟ 19 ਅਗਸਤ,2024 : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ "ਮੈਂ ਤੇ ਮੇਰਾ ਰੁੱਖ" ਮੁਹਿੰਮ ਤਹਿਤ ਅੱਜ ਕੋਟਕਪੂਰਾ ਵਿਖੇ ਸ. ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ  ਸ਼ਿਰਕਤ ਕੀਤੀ ਅਤੇ ਬਹੁਤ ਹੀ ਸਿਰੜੀ, ਉੱਦਮੀ ਅਤੇ ਕ੍ਰਾਂਤੀਕਾਰੀ ਪੱਤਰਕਾਰ ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਯਾਦ ਵਿੱਚ ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ, ਕੋਟਕਪੂਰਾ ਦੇ ਸਹਿਯੋਗ ਨਾਲ ਬੂਟੇ ਲਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਪੀਕਰ ਸੰਧਵਾਂ ਨੇ ਕਿਹਾ ਕਿ ਜੋਗਿੰਦਰ ਸਿੰਘ ਸਪੋਕਸਮੈਨ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ,  ਉਹਨਾਂ ਦੀ ਯਾਦ ਨੂੰ ਸਦੀਵੀ ਕਰਨ ਦੇ ਲਈ 100 ਬੂਟਾ ਲਾਉਣ ਦਾ ਪ੍ਰਣ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ਤੇ ਜਿਆਦਾ ਜ਼ੋਰ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰਦੂਸ਼ਿਤ ਹਵਾ ਦੇ ਬਜਾਏ ਸ਼ੁੱਧ ਹਵਾ ਦੇ ਕੇ ਜਾਈਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਰਹਿ ਸਕਣ । ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕਮੀ ਸਿਰਫ ਦਰਖਤ ਹੀ ਪੂਰੀ ਕਰ ਸਕਦੇ ਹਨ, ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਾਤਾਵਰਨ ਵਿੱਚ ਬਦਲਾਅ ਆ ਰਿਹਾ ਹੈ, ਜਿਸ ਤੋਂ ਬਚਾਅ ਲਈ ਬੂਟੇ ਲਾਉਣੇ ਜ਼ਰੂਰੀ ਹਨ। ਉਨ੍ਹਾਂ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਆਮ ਲੋਕਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੌਦਿਆਂ ਦੀ ਸੇਵਾ ਕਰਕੇ ਵੱਡੇ ਦਰਖਤ ਬਣਾਉਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਤਾਂ ਜੋ ਆਉਣ ਵਾਲੇ ਸਮੇ ਵਿਚ ਵੱਧ ਰਹੀ ਗਰਮੀ ਨੂੰ ਕਾਬੂ ਕੀਤਾ ਜਾ ਸਕੇ । ਇਸ ਮੌਕੇ ਸ.ਚਮਕੌਰ ਸਿੰਘ, ਜੰਗਲਾਤ ਰੇਂਜ ਅਫ਼ਸਰ, ਸਰਬਜੀਤ ਸਿੰਘ ਬਲਾਕ ਅਫ਼ਸਰ, ਕੁਲਦੀਪ ਸਿੰਘ ਬਲਾਕ ਅਫ਼ਸਰ ਆਦਿ ਹਾਜ਼ਰ ਸਨ ।