ਰੰਗਲੇ ਪੰਜਾਬ ਮੇਲੇ ਵਿਚ ‘ਸੇਵਾ ਸਟਰੀਟ, 510 ਵਿਅਕਤੀਆਂ ਨੇ ਸੇਵਾ ਸਟਰੀਟ ਕੈਂਪ ਵਿੱਚ ਕੀਤਾ ਖੂਨਦਾਨ

  • ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਕੀਤਾ ਕੀਰਤਨ
  • ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਦਿੱਤਾ ਸੰਦੇਸ਼

ਅੰਮਿ੍ਰਤਸਰ, 1 ਮਾਰਚ : ਪੰਜਾਬ ਸਰਕਾਰ ਵੱਲੋਂ 24 ਫਰਵਰੀ ਤੋਂ 29 ਫਰਵਰੀ ਤੱਕ ਮਨਾਏ ਜਾ ਰਹੇ ਰੰਗਲੇ ਪੰਜਾਬ ਮੇਲੇ ਦੌਰਾਨ ਦਾਨ ਨੂੰ ਨਵੀਂ ਦਿਸ਼ਾ ਦੇਣ ਲਈ ਸੇਵਾ ਸਟਰੀਟ ਵਿਖੇ ਜੋ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਸੀ, ਉਸ ਵਿੱਚ 510 ਲੋਕਾਂ ਵਲੋਂ ਖੂਨਦਾਨ ਕੀਤਾ ਗਿਆ ਹੈ ਅਤੇ ਪ੍ਰਸਾਸ਼ਨ ਵਲੋਂ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਦੱਸਿਆ ਕਿ ਇਸ ਸੇਵਾ ਸਟਰੀਟ ਵਿਖੇ ਐਨ.ਜੀ.ਓ ਆਗੋਸ਼ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਕੀਰਤਨ ਵੀ ਕੀਤਾ ਅਤੇ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਦਾ ਸੰਦੇਸ਼ ਵੀ ਦਿੱਤਾ। ਦੱਸਣਯੋਗ ਹੈ ਕਿ ਇਸ ਸੇਵਾ ਸਟਰੀਟ ਵਿੱਚ ਵੱਖ-ਵੱਖ ਐਨ.ਜੀ.ਓ ਵਲੋਂ ਨੁੱਕੜ ਨਾਟਕ ਕਰਕੇ ਲੋਕਾਂ ਨੂੰ ਭਰੂਣ ਹੱਤਿਆ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੰਦੇਸ਼ ਵੀ ਦਿੱਤਾ ਗਿਆ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਲੋਕਾਂ ਨੂੰ ਆਪਣਾ ਵਾਤਾਵਰਣ ਬਚਾਉਣ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ, ਪਾਣੀ ਦੀ ਦੁਰਵਰਤੋਂ ਨੂੰ ਰੋਕਣ ਸਬੰਧੀ ਵੀ ਜਾਗਰੂਕ ਕੀਤਾ ਗਿਆ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਸਟਰੀਟ ਪੰਜਾਬੀਆਂ ਦੀ ਨਿਰਸਾਵਰਥ ਸੇਵਾ ਭਾਵਨਾ ਦੇ ਪਹਿਲੂ ਨੂੰ ਵੀ ਵਿਸ਼ੇਸ਼ ਤੌਰ ਉਤੇ ਲੋਕਾਂ ਸਾਹਮਣੇ ਉਭਾਰਨ ਦੀ ਕੋਸਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬੀਆਂ ਵੱਲੋੋਂ ਲੰਗਰ ਰੂਪੀ ਭੋਜਨ ਉਤੇ ਦਿੱਤੇ ਜਾ ਰਹੇ ਦਾਨ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾਨ ਕਰਨ ਦੀ ਪਿਰਤ ਵੀ ਸ਼ੁਰੂ ਕੀਤੀ ਹੈ।