ਮਾਲੇਰਕੋਟਲਾ ਵਿਖੇ ਬੈਂਕਰਜ਼ ਦੀ ਜ਼ਿਲ੍ਹਾ ਸਲਾਹਕਾਰ ਸੰਮਤੀ ਦੀ ਤਿਮਾਹੀ ਮੀਟਿੰਗ

  • ਸਰਕਾਰੀ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਯੋਗ ਲੋਕਾਂ ਨੂੰ ਦਿਵਾਉਣ ਲਈ ਯਤਨ ਕਰਨ ਬੈਂਕ: ਸੁਖਪ੍ਰੀਤ ਸਿੰਘ ਸਿੱਧੂ
  • ਤਰਜੀਹੀ ਖੇਤਰ,/ਗੈਰ ਤਰਜੀਹੀ ਅਤੇ ਐਮ.ਐਸ.ਐਮ.ਈ ਖੇਤਰਾਂ ਵਿੱਚ 1659 ਕਰੋੜ ਰੁਪਏ ਦੇ ਕਰਜ਼ੇ ਵੱਖ ਵੱਖ ਬੈਂਕ ਰਾਹੀ ਵੰਡੇ- ਜ਼ਿਲ੍ਹਾ ਲੀਡ ਬੈਂਕ ਮੈਨੇਜਰ
  • ਬਜ਼ੁਰਗਾਂ ਅਤੇ ਦਿਵਿਆਂਗਜਨਾਂ ਦਾ ਕੰਮ ਪਹਿਲ ਦੇ ਅਧਾਰ ਤੇ ਕਰਨ ਬੈਂਕ

ਮਾਲੇਰਕੋਟਲਾ 24 ਮਾਰਚ 2025 : ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਆਫ਼ਿਸ ਮਾਲੇਰਕੋਟਲਾ ਵੱਲੋਂ ਜ਼ਿਲ੍ਹਾ ਸਲਾਹਕਾਰ ਰੀਵਿਊ ਸੰਮਤੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ,ਮਾਲੇਰਕੋਟਲਾ ਸੁਖਪ੍ਰੀਤ ਸਿੰਘ ਸਿੰਧੂ  ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀਂ ਹੋਈ । ਇਸ ਮੌਕੇ ਐਲ.ਡੀ.ਐਮ., ਮਾਲੇਰਕੋਟਲਾ ਰਾਜੇਸ਼ ਕੁਮਾਰ, ਡੀ.ਡੀ.ਐਮ., ਨਾਬਾਰਡ ਮਨੀਸ਼ ਗੁਪਤਾ, ਐਲ.ਡੀ.ਓ.,ਆਰ.ਬੀ.ਆਈ ਸੁਧੀਰ ਕੁਮਾਰ ਸਮੇਤ ਵੱਖ-ਵੱਖ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਂਨੇਜਰ ਵਲੋਂ ਸਾਲ 2024-25 ਦੀ ਸਤੰਬਰ 2024 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆਂ ਗਿਆ। ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ ਵਿੱਤੀ 2024-25 ਦੀ ਯੋਜਨਾ ਅਧੀਨ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਸਤੰਬਰ 2024 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜੀਹੀ ਖੇਤਰ/ਗੈਰ ਤਰਜੀਹੀ ਅਤੇ ਐਸ.ਐਮ.ਈ. ਖੇਤਰਾਂ ਵਿੱਚ 1659 ਕਰੋੜ ਰੁਪਏਦੇ ਕਰਜ਼ੇ ਵੱਖ ਵੱਖ ਬੈਂਕ ਰਾਹੀ ਵੰਡੇ ਗਏ । ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਖੇਤਰ ਲਈ 850 ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ । ਇਸੇ ਤਰ੍ਹਾਂ ਐਮ.ਐਸ.ਐਮ.ਈ ਖੇਤਰ ਵਿੱਚ 782 ਕਰੋੜ ਅਤੇ ਗੈਰ ਤਰਜੀਹੀ ਖੇਤਰ ਵਿੱਚ 27 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਬਤੌਰ ਕਰਜਾ ਵੱਖ ਵੱਖ ਬੈਂਕਾਂ ਵਲੋਂ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਪਹਿਲਕਦਮੀਆਂ  ਵਾਲੀਆਂ ਵਿੱਤੀ ਸਹਾਇਤਾਂ ਸਕੀਮਾਂ 'ਤੇ ਵਧੇਰੇ ਜ਼ੋਰ ਦਿੰਦਿਆ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਰਕਾਰੀ ਮਹਿਕਮਿਆਂ ਦੀਆਂ ਸਕੀਮਾਂ ਤਹਿਤ ਬਕਾਇਆ ਕਰਜ਼ਿਆਂ ਦੀਆਂ ਦਰਖ਼ਾਸਤਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ। ਸਾਰੇ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਅਤੇ ਬੈਂਕ ਅਧਿਕਾਰੀ ਮਿਲ ਕੇ ਇਹਨਾਂ ਬਕਾਇਆ ਪਈਆਂ ਦਰਖਾਸਤਾਂ ਦਾ ਨਿਪਟਾਰਾ ਅਗਲੀ ਮੀਟਿੰਗ ਤੋਂ ਪਹਿਲਾ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਬੈਂਕਾਂ ਵਿੱਚ ਕੰਮ ਲਈ ਆਉਣ ਵਾਲੇ ਖਾਤਾ ਧਾਰਕਾਂ/ਲੋੜਵੰਦਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਬਜ਼ੁਰਗਾਂ ਅਤੇ ਦਿਵਿਆਂਗਜਨਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ, ਕਲੱਸਟਰ ਹੈੱਡ, ਪਟਿਆਲਾ ਸ਼੍ਰੀ ਮਨੀਸ਼ ਗੁਪਤਾ ਨੇ ਜ਼ਿਲ੍ਹੇ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਬਾਰੇ ਕਰਜ਼ੇ ਵੰਡ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਅਤੇ ਨਾਬਾਰਡ ਵੱਲੋਂ ਜੇ.ਐਲ.ਜੀ ਗਰੁੱਪਾਂ (ਜੁਆਇੰਟ ਲੈਬਲਟੀ ਗਰੁੱਪ) ਅਤੇ ਹੋਰ ਖੇਤੀਬਾੜੀ ਦੇ ਇਨਫਰਾ ਫ਼ੰਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਸਮੂਹ ਬੈਂਕਾਂ ਵੱਲੋਂ ਭਰੋਸਾ ਦਵਾਇਆਂ ਕਿ ਬੈਕਾਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਰਜੇ ਮੁਹੱਈਆਂ ਕਰਵਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ । ਇਸ ਮੌਕੇ ਵੱਖ ਵੱਖ ਬੈਂਕਾਂ ਦੇ ਮੈਨੇਜਰਾਂ ਤੋਂ ਇਲਾਵਾ ਹੋਰ ਵਿਭਾਗਾਂ ਅਧਿਕਾਰੀ ਵੀ ਮੌਜੂਦ ਸਨ ।