
ਲੁਧਿਆਣਾ, 11 ਮਾਰਚ 2025 : ਪੰਜਾਬੀ ਕਵੀ ਪਰਮਜੀਤ ਸੋਹਲ ਦੀ ਸੱਜਰੀ ਕਾਵਿ ਪੁਸਤਕ “ ਵਿਸਮਾਦ “ ਦਾ ਲੁਧਿਆਣਾ ਦੇ ਪੰਜਾਬੀ ਲੇਖਕਾਂ ਵੱਲੋਂ ਸੁਆਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਰਮਜੀਤ ਸਹਿਜ ਤੋਰ ਤੁਰਨ ਵਾਲਾ ਵਿਸਮਾਦੀ ਕਵੀ ਹੈ ਜਿਸ ਨੇ ਆਪਣਾ ਕਾਵਿ ਸਫ਼ਰ “ਓਨਮ” ਕਾਵਿ ਸੰਗ੍ਰਹਿ ਤੋਂ ਸ਼ੁਰੂ ਕਰਕੇ “ਵਿਸਮਾਦ “ ਤੀਕ ਬਹੁਤ ਸਹਿਜ ਆਨੰਦ ਨਾਲ ਕੀਤਾ ਹੈ। ਹੋਰ ਵੀ ਚੰਗੀ ਗੱਲ ਹੈ ਕਿ ਇਸ ਪੁਸਤਕ ਵਿੱਚ ਉਸ ਦੀਆਂ ਇੱਕੋ ਰੰਗ ਦੀਆਂ ਕਵਿਤਾਵਾਂ ਹਨ ਜੋ ਤਿੰਨ ਖੰਡ ਕਾਵਿ “ਪ੍ਰਿਯਤਮਾ”, “ਰਜ਼ਾ” ਅਤੇ “ਵਿਸਮਾਦ” ਨਾਮ ਹੇਠ ਅੰਕਿਤ ਹਨ। ਕੁਝ ਕਵਿਤਾਵਾਂ”ਅੱਖਰੀ ਨਾਮੁ “ ਹੇਠ ਇਸ ਸੰਗ੍ਰਹਿ ਦੀ ਜ਼ੀਨਤ ਹਨ। ਇਹ ਕਵਿਤਾਵਾਂ ਸਾਨੂੰ ਪਦਾਰਥ ਤੋਂ ਪਰਮਾਰਥ ਦੇ ਮਾਰਗ ਦਾ ਅਰਥ ਸਮਝਾਉਂਦੀਆਂ ਹਨ। ਇਸ ਵੱਡ ਆਕਾਰੀ ਪੁਸਤਕ ਨੂੰ ਸਿੰਘ ਬਰਦਰਜ਼ ਅੰਮ੍ਰਿਤਸਰ ਨੇ ਬਹੁਤ ਰੀਝ ਨਾਲ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਇਸ ਪੁਸ਼ਤਕ ਦੀਆਂ ਪੰਜ ਕਾਪੀਆਂ ਗੰਭੀਰ ਸਾਹਿੱਤ ਰਸੀਏ ਮਿੱਤਰਾਂ ਲਈ ਖ਼ਰੀਦੀਆਂ ਤਾਂ ਜੋ ਮੁਫ਼ਤ ਕਿਤਾਬ ਹਾਸਲ ਕਰਨ ਦੀ ਰੀਤ ਨੂੰ ਤੋੜਿਆ ਜਾ ਸਕੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਪਰਮਜੀਤ ਸੋਹਲ ਦੀ ਕਾਵਿ ਸਿਰਜਣਾ ਦਾ ਪੁਸਤਕ ਪ੍ਰਕਾਸ਼ਨ ਪੱਖੋਂ ਤੀਹਵਾਂ ਸਾਲ ਹੈ। ਉਸ ਦੀ ਪਹਿਲੀ ਕਾਵਿ ਪੁਸਤਕ ਓਨਮ 1994 ਵਿੱਚ ਛਪੀ ਸੀ। ਇਸ ਮਗਰੋਂ ਕਾਇਆ, ਪੌਣਾਂ ਸਤਿਲੁਜ ਕੋਲ ਦੀਆਂ, ਨੀਸਾਣੁ, ਝੋਕਾਂ ਤੇ ਕਾਗਦੁ ਛਪੀਆਂ ਹਨ। ਇਸ ਤੀਹ ਸਾਲ ਦੇ ਸਫ਼ਰ ਵਿੱਚ ਉਸਨੇ ਆਪਣੀ ਕਾਵਿ ਤੋਰ ਸਹਿਜਮਤੀ ਹੀ ਰੱਖੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਪਰਮਜੀਤ ਸੋਹਲ ਕੋਲ ਸ਼ਬਦਾਂ ਦੇ ਅੰਦਰ ਤੇ ਬਾਹਰਲਾ ਸਰੋਦ ਹੈ ਜੋ ਪੰਜਾਬੀ ਕਵਿਤਾ ਦਾ ਹਾਸਲ ਹੈ। ਉਸ ਦੀ ਸ਼ਾਇਰੀ ਪੜ੍ਹਦੱਆਂ ਹਮੇਸ਼ਾਂ ਠੰਢੀ ਫੁਹਾਰ ਮਾਨਣ ਵਰਗਾ ਅਹਿਸਾਸ ਹੁੰਦਾ ਹੈ। ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੇ ਕਿਹਾ ਕਿ ਉਹ ਇਸ ਕਿਤਾਬ ਨੂੰ ਵਿਸ਼ਾਲ ਪਾਠਕ ਵਰਗ ਤੀਕ ਲਿਜਾਣਗੇ ਤਾਂ ਜੋ ਕਾਹਲੀ ਵਾਲੇ ਯੁੱਗ ਅੰਦਰ ਨੌਜੁਆਨ ਵਰਗ ਨੂੰ ਸਹਿਜ ਵਾਲੇ ਸ਼ਬਦ ਸੱਭਿਆਚਾਰ ਨਾਲ ਜੋੜਿਆ ਜਾ ਸਕੇ।