ਪੰਜਾਬੀ ਐਨ.ਆਰ.ਆਈਜ਼ ਮਿਲਣੀ’ ਸਮਾਰੋਹ 29 ਫਰਵਰੀ ਨੂੰ, ਸਾਰੇ ਪ੍ਰਬੰਧ ਮੁਕੰਮਲ 

  • ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ
  • ਸੰਗਰੂਰ ਸਮੇਤ 8 ਜ਼ਿਲ੍ਹਿਆਂ ਤੋਂ ਪੰਜਾਬੀ ਐਨ.ਆਰ.ਆਈਜ਼ ਹੋਣਗੇ ਸ਼ਾਮਲ

ਸੰਗਰੂਰ, 28 ਫਰਵਰੀ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ 29 ਫਰਵਰੀ ਨੂੰ ਸਪੈਂਗਲ ਸਟੋਨ ਪੈਲੇਸ ਵਿਖੇ ਪੰਜਾਬੀ ਐਨ.ਆਰ.ਆਈਜ਼ ਸੰਮੇਲਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।  ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਐਨ.ਆਰ.ਆਈਜ਼ ਨੂੰ ਦਰਪੇਸ਼ ਮੁਸ਼ਕਿਲਾਂ ਦੇ ਯੋਗ ਤੇ ਸਥਾਈ ਹੱਲ ਲਈ ਇਹ ਇੱਕ ਮਿਆਰੀ ਮੁਹਿੰਮ ਆਰੰਭੀ ਗਈ ਹੈ ਜਿਸ ਤਹਿਤ ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ ਅਤੇ ਫ਼ਿਰੋਜ਼ਪੁਰ ਵਿਖੇ ਅਜਿਹੇ ਸਮਾਗਮ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਪੈਲੇਸ ਵਿਖੇ 29 ਫਰਵਰੀ ਨੂੰ ਹੋਣ ਵਾਲੇ ਪੰਜਾਬੀ ਐਨ.ਆਰ.ਆਈਜ਼ ਮਿਲਣੀ ਸਮਾਗਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਜ਼ਿਲ੍ਹਾ ਸੰਗਰੂਰ ਸਮੇਤ ਪੰਜਾਬ ਦੇ 8 ਜ਼ਿਲਿ੍ਹਆਂ ਦੇ ਐਨ.ਆਰ.ਆਈਜ਼ ਇਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਹੋਰਨਾਂ ਜ਼ਿਲਿ੍ਹਆਂ ਤੋਂ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਰਜਿਸਟਰੇਸ਼ਨ, ਰਿਸੈਪਸ਼ਨ ਕਾਊਂਟਰ ਸਥਾਪਤ ਕਰਨ, ਬੈਠਣ ਵਿਵਸਥਾ, ਸੁਰੱਖਿਆ ਤੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਨਾਲ ਨਾਲ ਪਟਿਆਲਾ, ਮਲੇਰਕੋਟਲਾ, ਬਰਨਾਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮਾਨਸਾ ਤੇ ਬਠਿੰਡਾ ਤੋਂ ਪੰਜਾਬੀ ਪ੍ਰਵਾਸੀ ਭਾਰਤੀ ਅਤੇ ਉੱਚ ਅਧਿਕਾਰੀ ਇਸ ਮਿਲਣੀ ਸਮਾਗਮ ਵਿੱਚ ਸ਼ਾਮਲ ਹੋਣਗੇ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।