ਹੜ੍ਹ ਤੋਂ ਪ੍ਰਭਾਵਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ : ਜੌੜਾਮਾਜਰਾ

  • ਲੋਕ ਸੰਪਰਕ ਮੰਤਰੀ ਜੌੜਾਮਾਜਰਾ ਵੱਲੋਂ ਰਵਾਸ ਬ੍ਰਾਹਮਣਾ ਵਿਖੇ ਰਾਸ਼ਨ ਕਿੱਟਾਂ ਤਕਸੀਮ
  • ਕਿਹਾ, ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ

ਪਟਿਆਲਾ/ਸਮਾਣਾ, 21 ਜੁਲਾਈ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਰਵਾਸ ਬ੍ਰਾਹਮਣਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ ਉਥੇ ਹੀ ਮਾਲ-ਡੰਗਰ ਤੇ ਫ਼ਸਲਵਾੜੀ ਬਾਬਤ ਵੀ ਹਾਲ-ਚਾਲ ਜਾਣਿਆ। ਜੌੜਾਮਾਜਰਾ ਨੇ ਲੋਕਾਂ ਦਾ ਦੁੱਖ ਵੰਡਾਉਂਦਿਆਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਸੂਚਨਾ ਤੇ ਲੋਕ ਸੰਪਰਕ ਮੰਤਰੀ, ਜਿਨ੍ਹਾਂ ਕੋਲ ਬਾਗਬਾਨੀ, ਸੁਤੰਤਰਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ, ਕਿ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਇੱਕ-ਇੱਕ ਪੈਸਾ ਮੁਆਵਜੇ ਵਜੋਂ ਦਿੱਤਾ ਜਾਵੇਗਾ। ਇਸ ਤੋਂ ਬਿਨ੍ਹਾਂ ਮੁੱਖ ਮੰਤਰੀ ਨੇ ਭਾਰੀ ਮੀਂਹ ਸਮੇਤ ਘੱਗਰ ਤੇ ਹੋਰ ਦਰਿਆਵਾਂ ਦੇ ਪਾਣੀ ਕਰਕੇ ਹੜ੍ਹਾ ਨਾਲ ਹੋਏ ਫ਼ਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹੜ੍ਹਾਂ ਦੀ ਕੁਦਤਰੀ ਮਾਰ ਨੇ ਪਟਿਆਲਾ ਜ਼ਿਲ੍ਹੇ ਅੰਦਰ ਵੀ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ 'ਤੇ ਪਹਿਰਾ ਦਿੰਦਿਆਂ ਹੜ੍ਹ ਪੀੜਤਾਂ ਦੀਆਂ ਤਕਲੀਫ਼ਾ ਨੂੰ ਘਟਾ ਕੇ ਫ਼ੌਰੀ ਰਾਹਤ ਦੇਣ ਲਈ ਉਨ੍ਹਾਂ ਸਮੇਤ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਿਨ ਰਾਤ ਇੱਕ ਕਰਕੇ ਹੜ੍ਹ ਪੀੜਤਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਡਟ ਕੇ ਖੜ੍ਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਐੱਸ ਡੀ ਐਮ ਚਰਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।