ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਫਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 08 ਅਗਸਤ 2024 : ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਂਨਿੰਗ ਅਫ਼ਸਰ ਕੈਪਟਨ (ਰਿਟਾਇਡ) ਸ੍ਰੀ ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੋ ਯੁਵਕ ਅਗਨੀਵੀਰ ਫੌਜ਼ ਦੀ ਅਪ੍ਰੈਲ 2024 ਮਹੀਨੇ ਵਿੱਚ ਹੋਈ ਲਿਖਤੀ ਪ੍ਰੀਖਿਆ ਵਿੱਚੋ ਪਾਸ ਹੋ ਗਏ ਹਨ,  ਉਨ੍ਹਾਂ ਯੁਵਕਾਂ ਦਾ ਫਿਜ਼ੀਕਲ ਟੈਸਟ  01 ਅਕਤੂਬਰ 2024 ਤੋਂ  08 ਅਕਤੂਬਰ 2024 ਤੱਕ ਹੋਣਾ ਹੈ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਯੁਵਕਾਂ ਲਈ ਫਿਜ਼ੀਕਲ ਟੈਸਟ ਦੀ ਟ੍ਰੇਨਿੰਗ 01 ਜੁਲਾਈ 2024 ਤੋ ਚੱਲ ਰਹੀ ਹੈ, ਇਸ ਲਈ ਉਕਤ ਜ਼ਿਲ੍ਹਿਆਂ ਦੇ ਸਾਰੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲਿਖਤੀ ਪੇਪਰ ਵਿੱਚੋਂ ਪਾਸ ਹੋ ਚੁੱਕੇ ਯੁਵਕ ਫਿਜ਼ੀਕਲ ਦੀ ਤਿਆਰੀ ਲਈ ਸਵੇਰੇ 8 ਵਜ੍ਹੇ ਤੋਂ 11:30 ਵਜ੍ਹੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ ਤੱਕ) ਸੀ-ਪਾਈਟ ਕੈਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਅਤੇ ਸਾਰੇ ਹੀ ਯੁਵਕਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵਾਰ ਅਗਨੀਵੀਰ ਦੀ ਭਰਤੀ ਫਿਰੋਜ਼ਪੁਰ ਵਿਖੇ ਨਹੀਂ ਹੋ ਰਹੀ,  ਇਹ ਭਰਤੀ ਇਸ ਵਾਰ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਹੋ ਰਹੀ ਹੈ। ਇਸ ਦਾ ਲਾਭ ਉਠਾਉਣ ਲਈ ਸਾਰੇ ਹੀ ਯੁਵਕ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਦੀ ਕ੍ਰਿਪਾਲਤਾ ਕਰਨ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਆਉਣ ਸਮੇਂ ਆਨ ਲਾਈਨ ਰਜਿਸਟਰੇਸ਼ਨ ਦੀ ਇੱਕ ਕਾਪੀ, ਰਿਜ਼ਲਟ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜ਼ੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤਿ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ , ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ , ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ । ਉਨ੍ਹਾਂ ਦੱਸਿਆ ਕਿ ਯੁਵਕ ਦੀ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ ਅਤੇ ਵਧੇਰੇ ਜਾਣਕਾਰੀ ਲਈ 88728-02046 ਅਤੇ 788891-75575 ਨੰਬਰਾਂ ’ਤੇ ਸਪੰਰਕ ਕੀਤਾ ਜਾ ਸਕਦਾ ਹੈ।