- ਟੂਰਿਜ਼ਮ ਸਮਿਟ ਸੂਬੇ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ: ਰਾਖ਼ੀ ਗੁਪਤਾ ਭੰਡਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਹਿਲੇ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਦੀਆਂ ਤਿਆਰੀਆਂ ਦਾ ਜਾਇਜ਼ਾ ਅੱਜ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖ਼ੀ ਗੁਪਤਾ ਭੰਡਾਰੀ ਵਲੋਂ ਲਿਆ ਗਿਆ। ਐਮਿਟੀ ਯੂਨੀਵਰਸਿਟੀ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਸ੍ਰੀਮਤੀ ਭੰਡਾਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੈਰ ਸਪਾਟੇ ਨੂੰ ਵਿਸ਼ਵ ਦੇ ਨਕਸ਼ੇ ਤੇ ਲਿਆਉਣ ਦੇ ਮਕਸਦ ਨਾਲ ਇਹ ਸਮਿਟ ਕਰਵਾਇਆ ਜਾ ਰਿਹਾ ਅਤੇ ਸਾਡੀ ਸਭ ਦੀ ਇਹ ਜ਼ਿੰਮੇਵਾਰੀ ਹੈ ਕਿ ਇਹ ਪ੍ਰੋਗਰਾਮ ਸਫ਼ਲਤਾ ਪੂਰਵਕ ਨੇਪਰੇ ਚੜ੍ਹੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੈਰ ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਨੂੰ ਖੂਬਸੂਰਤ ਦਰਿਆ,ਪਹਾੜ ਅਤੇ ਮੈਦਾਨ ਦਿੱਤੇ ਹਨ ਜ਼ੋ ਕਿ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਸੈਰ ਸਪਾਟਾ ਬਹੁਤ ਵਧਿਆ ਫੁਲਿਆ ਹੈ ਹੁਣ ਸਾਡਾ ਟੀਚਾ ਪੰਜਾਬ ਦੇ ਕੁਦਰਤੀ ਸੁਹੱਪਣ ਵਾਲੇ ਸਥਾਨਾਂ ਲੋਕਾਂ ਸਾਹਮਣੇ ਦੇ ਕੇ ਆਉਣਾ ਦਾ ਹੈ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਰਾਜ ਦਾ ਜਿੰਨ੍ਹਾ ਸੈਰ ਸਪਾਟਾ ਪ੍ਰਫੁੱਲਤ ਹੋਵੇਗਾ ਉਨ੍ਹਾਂ ਹੀ ਸੂਬੇ ਨੂੰ ਆਰਥਿਕ ਲਾਭ ਵੀ ਹੋਵੇਗਾ। ਇਸ ਲਈ ਪੰਜਾਬ ਟੂਰਿਜ਼ਮ ਸਮਿਟ ਸੂਬੇ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਸਫਲਤਾ ਲਈ ਸਾਨੂੰ ਸਭ ਨੂੰ ਬਤੌਰ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ ਨਾਲ ਬਤੌਰ ਪੰਜਾਬੀ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਸਮਿਟ ਵਿਚ ਸ਼ਮੂਲੀਅਤ ਕਰ ਰਹੇ ਹਰ ਇਕ ਮਹਿਮਾਨ ਨੂੰ ਪੰਜਾਬ ਦੇ ਮਾਣਮੱਤੇ ਪ੍ਰਹੁਣਚਾਰੀ ਰਵਾਇਤਾਂ ਦਾ ਸੁਖਦ ਅਹਿਸਾਸ ਹੋ ਸਕੇ ਅਤੇ ਉਹ ਬਾਰ ਬਾਰ ਪੰਜਾਬ ਘੁੰਮਣ ਆਵੇ। ਸ੍ਰੀਮਤੀ ਭੰਡਾਰੀ ਨੇ ਸਮਾਗਮ ਸਥਾਨ, ਪ੍ਰਦਰਸ਼ਨੀ ਖ਼ੇਤਰ ਅਤੇ ਲੰਚ ਏਰੀਆ ਦਾ ਵੀ ਨਿਰੀਖਣ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡੀ.ਆਈ.ਜੀ. ਰੂਪਨਗਰ ਰੇਂਜ ਸ. ਗੁਰਪ੍ਰੀਤ ਸਿੰਘ ਭੁੱਲਰ, ਦਿਲਰਾਜ ਸਿੰਘ ਸੰਧਾਵਾਲੀਆ ਸਕੱਤਰ, ਵਰਿੰਦਰ ਸ਼ਰਮਾ ਡਾਇਰੈਕਟਰ ਸੈਰ ਸਪਾਟਾ, ਭੁਪਿੰਦਰ ਸਿੰਘ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ,ਮਨੀਸ਼ ਕੁਮਾਰ ਆਈ.ਏ.ਐਸ., ਟੀ.ਪੀ.ਐਸ.ਫੂਲਕਾ ਆਈ.ਏ.ਐਸ, ਸ੍ਰੀਮਤੀ ਆਸ਼ਿਕ਼ਾ ਜੈਨ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਡਾਕਟਰ ਸੰਦੀਪ ਗਰਗ ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹੋਰ ਸੀਨੀਅਰ ਅਧਿਕਾਰੀਆਂ ਹਾਜ਼ਰ ਸਨ।