- ਕਿਹਾ, ਵਿਭਾਗਾਂ ਅਤੇ ਸੰਸਥਾਵਾਂ ਰਾਹੀਂ ਲਾਏ ਜਾਣਗੇ ਟੀਚੇ ਤੋਂ ਵੱਧ ਪੌਦੇ, ਕੀਤੀ ਜਾਵੇਗੀ ਜੀਓ ਟੈਗਿੰਗ
- ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ
ਬਰਨਾਲਾ, 8 ਜੁਲਾਈ 2024 : ਜ਼ਿਲ੍ਹਾ ਬਰਨਾਲਾ ਨੂੰ ਹਰਿਆ-ਭਰਿਆ ਬਣਾਉਣ ਲਈ ਵਿਭਾਗਾਂ ਨੂੰ ਪੌਦਿਆਂ ਦੀ ਵੰਡ ਕਰਨ ਵਾਸਤੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨੂੰ ਮੌਜੂਦਾ ਮੌਨਸੂਨ ਸੀਜ਼ਨ ਵਿੱਚ ਕਰੀਬ 5 ਲੱਖ ਪੌਦੇ ਲਾਉਣ ਦਾ ਟੀਚਾ ਮਿਲਿਆ ਹੈ ਪਰ ਜ਼ਿਲ੍ਹੇ ਵਿੱਚ ਟੀਚੇ ਤੋਂ ਵੱਧ ਪੌਦੇ ਲਾਏ ਜਾਣਗੇ। ਉਨ੍ਹਾਂ ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਪੌਦੇ ਲਾਉਣ ਦੇ ਟੀਚੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਟਰਾਈਡੈਂਟ, ਆਈ ਓ ਐੱਲ, ਵੱਖ ਵੱਖ ਸਮਾਜਸੇਵੀ ਸੰਸਥਾਵਾਂ ਤੇ ਵਾਤਾਵਰਣ ਪ੍ਰੇਮੀਆਂ ਦੀ ਮਦਦ ਨਾਲ ਪੌਦੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 7-8 ਲੱਖ ਪੌਦੇ ਲਾਏ ਜਾਣਗੇ ਜੋ ਕਿ ਜੰਗਲਾਤ ਵਿਭਾਗ ਰਾਹੀਂ ਦਿੱਤੇ ਜਾਣਗੇ। ਉਨ੍ਹਾਂ ਸਕੂਲ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ, ਨਗਰ ਕੌਂਸਲ ਨੂੰ ਆਪਣੀ ਹਦੂਦ ਵਿੱਚ, ਪੇਂਡੂ ਵਿਕਾਸ ਵਿਭਾਗ ਨੂੰ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਪੌਦੇ ਲਾਉਣ ਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹਰ ਇੱਕ ਬੂਟੇ ਦੀ ਜੀਓ ਟੈਗਿੰਗ ਕੀਤੀ ਜਾਵੇਗੀ ਤਾਂ ਜੋ ਪੌਦਿਆਂ ਦੀ ਮਗਰੋਂ ਸੰਭਾਲ ਵੀ ਹੋਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ, ਸੀ ਐਮ ਫੀਲਡ ਅਫ਼ਸਰ ਰਾਜਨ ਗੋਇਲ, ਰੇਂਜ ਅਫ਼ਸਰ (ਜੰਗਲਾਤ) ਅਜੀਤ ਸਿੰਘ ਸਣੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।