ਬਰਨਾਲਾ, 6 ਅਕਤੂਬਰ 2024 : ਨੇੜਲੇ ਪਿੰਡ ਚੀਮਾ ਵਿੱਚ ਇੱਕ ਗੰਭੀਰ ਘਟਨਾ ਸਾਹਮਣੇ ਆਈ ਜਿੱਥੇ ਸਰਪੰਚੀ ਦੀ ਚੋਣ ਲਈ ਭਰੇ ਕਾਗਜ਼ ਰੱਦ ਕੀਤੇ ਜਾਣ ਤੋਂ ਬਾਅਦ ਨਿਰੰਜਨ ਸਿੰਘ ਨਾਂ ਦੇ ਵਿਅਕਤੀ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਵਿਰੋਧ ਕੀਤਾ। ਨਿਰੰਜਨ ਸਿੰਘ ਨੇ ਆਪਣੇ ਨਾਲ ਪੈਟਰੋਲ ਦੀ ਬੋਤਲ ਰੱਖ ਕੇ ਟੈਂਕੀ 'ਤੇ ਚੜ੍ਹਨ ਨਾਲ ਹਲਚਲ ਪੈਦਾ ਕਰ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਜੇ ਉਸ ਦੀ ਮੰਗ ਨਹੀਂ ਮੰਨੀ ਗਈ ਤਾਂ ਉਹ ਟੈਂਕੀ ਤੋਂ ਨਹੀਂ ਉਤਰੇਗਾ। ਨਿਰੰਜਨ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਅਤੇ ਆਪਣੇ ਘਰ ਵਾਲੀ ਸਰਬਜੀਤ ਕੌਰ ਦੇ ਸਰਪੰਚੀ ਲਈ ਚੋਣ ਕਾਗਜ਼ ਭਰੇ ਸਨ, ਪਰ ਰਾਜਨੀਤਿਕ ਦਬਾਅ ਕਾਰਨ ਉਹਨਾਂ ਦੇ ਦੋਵੇਂ ਫਾਰਮਾਂ ਨੂੰ ਖਾਰਜ ਕਰ ਦਿੱਤਾ ਗਿਆ। ਉਸਨੇ ਇਹ ਵੀ ਦੱਸਿਆ ਕਿ ਫਾਰਮ ਰੱਦ ਕਰਨ ਲਈ ਉਸ 'ਤੇ ਪੰਚਾਇਤ ਦੀ ਜਮੀਨ 'ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਗਿਆ ਹੈ, ਜੋ ਕਿ ਉਸ ਮੁਤਾਬਕ ਗਲਤ ਹੈ। ਨਿਰੰਜਨ ਸਿੰਘ ਨੇ ਕਿਹਾ ਕਿ ਉਸਨੇ ਇਸ ਸੰਬੰਧੀ ਹਲਫੀਆ ਬਿਆਨ ਵੀ ਦਿੱਤਾ ਹੈ, ਜੋ ਉਸਦੇ ਦਾਮਨ ਨੂੰ ਸਾਫ ਸਾਬਿਤ ਕਰਦਾ ਹੈ। ਨਿਰੰਜਨ ਸਿੰਘ ਦੀ ਮੰਗ ਹੈ ਕਿ ਉਸਦਾ ਰੱਦ ਕੀਤਾ ਫਾਰਮ ਫਿਰ ਤੋਂ ਬਹਾਲ ਕੀਤਾ ਜਾਵੇ ਅਤੇ ਉਸਨੂੰ ਚੋਣ ਲੜਨ ਦੀ ਮਨਜ਼ੂਰੀ ਦਿੱਤੀ ਜਾਵੇ। ਉਸਦਾ ਕਹਿਣਾ ਹੈ ਕਿ ਜਦ ਤੱਕ ਉਸ ਦੀ ਇਹ ਮੰਗ ਪੂਰੀ ਨਹੀਂ ਹੁੰਦੀ, ਉਹ ਪਾਣੀ ਵਾਲੀ ਟੈਂਕੀ ਤੋਂ ਹਟਣ ਦਾ ਇਰਾਦਾ ਨਹੀਂ ਰੱਖਦਾ। ਇਸ ਘਟਨਾ ਦੇ ਨਾਲ ਹੀ ਪਿੰਡ ਦੇ ਲੋਕਾਂ ਵਿੱਚ ਚਰਚਾ ਹੋ ਰਹੀ ਹੈ ਅਤੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਿਰੰਜਨ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਰੋਧ ਨੇ ਪਿੰਡ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਇਸਦੇ ਨਤੀਜੇ ਤੇ ਸਾਰਿਆਂ ਦੀ ਨਿਗਾਹ ਟਿਕੀ ਹੋਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਸ ਵਿਅਕਤੀ ਉੱਪਰ ਸ਼ਾਮਲਾਟ ਜਮੀਨ ਤੇ ਕਬਜ਼ਾ ਕਰਨ ਦਾ ਦੋਸ਼ ਹੈ ਜਿਸ ਕਾਰਨ ਇਸ ਦੇ ਕਾਗਜ ਰੱਦ ਹੋਏ ਹਨ।