ਨਸ਼ਿਆਂ ਤੋਂ ਨਿਜਾਤ ਪਾਉਣ ਲਈ ਲੋਕਾਂ ਨੁੰ ਇੱਕਠੇ ਹੋਣਾ ਪਵੇਗਾ : ਗੋਗੀ/ਲਾਡੀ

ਰਾਏਕੋਟ (ਮੁਹੰਮਦ ਇਮਰਾਨ) : ਪੰਜਾਬ ਵਿੱਚ ਨਸ਼ਿਆਂ ਦੀ ਭੇਂਟ ਚੜ੍ਹ ਕਈ ਹਜ਼ਾਰਾਂ ਨੌਜਵਾਨ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਹਨ, ਪਰ ਨਸ਼ਿਆਂ ਦੀ ਇਸ ਦਲਦਲ ‘ਚੋ ਨੌਜਵਾਨਾਂ ਨੂੰ ਕੱਢਣ ਲਈ ਕਿਸੇ ਵੀ ਸਰਕਾਰ ਅਖਬਾਰੀ ਬਿਆਨਬਾਜੀ ਤੋਂ ਸਿਵਾਏ ਨੇ ਕੋਈ ਜਿਆਦਾ ਹੰਭਲਾ ਨਹੀਂ ਮਾਰਿਆ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਿੰਦਰ ਸਿੰਘ ਗੋਗੀ ਭੁੱਲਰ ਬਲਾਕ ਪ੍ਰਧਾਨ ਬੀਕੇਯੂ ਸਿੱਧੂਪੁਰ ਅਤੇ ਮੁੱਖ ਬੁਲਾਰਾ ਨਰਿੰਦਰ ਸਿੰਘ ਲਾਡੀ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਗੁਰੂਆਂ ਪੀਰਾਂ ਦਾ ਪੰਜਾਬ ਜੋ ਕਿਸੇ ਵੇਲੇ ਦਮਦਾਰ ਗੱਭਰੂਆਂ ਕਰਕੇ ਜਾਣਿਆ ਜਾਂਦਾ ਸੀ, ਇੱਥੇ ਮੇਲੇ ਛਿੰਝ ਮੇਲੇ ਲੱਗਦੇ ਸਨ, ਭਲਵਾਨ ਘੋਲ ਕਰਦੇ ਸਨ। ਪੰਜਾਬੀਆਂ ਨੇ ਹਰ ਖੇਤਰ ਵਿੱਚ ਦੁਨੀਆਂ ਪੱਧਰ ਤੇ ਮੱਲ੍ਹਾਂ ਮਾਰਦੇ ਹੋਏ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਰੁਸਤਮੇ ਹਿੰਦ ਦਾਰਾ ਸਿੰਘ ਵੀ ਸਾਡੀ ਧਰਤੀ ਦਾ ਜਾਇਆ ਸੀ, ਜਿਸ ਨੇ ਕੁਸਤੀ ਨਾਲ ਪੂਰੀ ਦੁਨੀਆਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ ਸੀ, ਉਨ੍ਹਾਂ ਤੋਂ ਇਲਾਵਾ ਉੱਡਣਾ ਸਿੱਖ ਮਿਲਖਾ ਸਿੰਘ, ਧਿਆਨ ਚੰਦ ਹਾਕੀ ਖਿਡਾਰੀ ਸਮੇਤ ਅਨੇਕਾਂ ਨੌਜਵਾਨ ਹੋਏ ਹਨ। ਪਰ ਅੱਜ ਸਾਡੇ ਪੰਜਾਬ ਦਾ ਨਾਮ ਅਗਰ ਕਿਸੇ ਪਾਸੇ ਮੋਹਰੀ ਗਿਣਿਆ ਜਾਣ ਲੱਗਾ ਹੈ ਤਾਂ ਉਹ ਹੈ ਨਸ਼ੇ, ਪੰਜਾਬ ਵਿੱਚ ਰੋਜਾਨਾ ਹੀ ਨਸ਼ਿਆਂ ਨਾਲ ਜਾਨਾਂ ਗੁਆਉਣ ਵਾਲੇ ਨੌਜਵਾਨਾਂ ਦੀਆਂ ਅਰਥੀਆਂ ਉੱਠ ਰਹੀਆਂ ਹਨ, ਜੋ ਸਾਡੇ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਹੁਣ ਸਰਕਾਰਾਂ ਦੇ ਮੂੰਹਾਂ ਵੱਲ ਦੇਖਣਾ ਬੰਦ ਕਰਕੇ, ਖੁਦ ਨਸ਼ਿਆਂ ਤੋਂ ਨਿਜਾਤ ਪਾਉਣ ਇੱਕਠੇ ਹੋਣਾ ਪੈਣਾ ਹੈ। ਫਿਰ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਸਕਦੇ ਹਾਂ।