ਲੁਧਿਆਣਾ, 01 ਮਾਰਚ, (ਰਘਵੀਰ ਸਿੰਘ ਜੱਗਾ) : ਪੀ.ਏ.ਯੂ. ਲੁਧਿਆਣਾ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਮਿਲਖ ਸੰਗਠਨ ਦੇ ਸਹਿਯੋਗ ਨਾਲ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫਲਾਵਰ ਸ਼ੋਅ ਲਗਾਇਆ ਗਿਆ। ਇਸ ਦੋ ਰੋਜ਼ਾ 25ਵੇਂ ਸਲਾਨਾ ਫਲਾਵਰ ਸ਼ੋਅ ਦਾ ਉਦਘਾਟਨ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਕਿਹਾ ਕਿ ਇੱਥੋਂ ਦੇ ਕੈਂਪਸ ਦੀ ਖੂਬਸੂਰਤ ਲੈਂਡਸਕੇਪਿੰਗ ਜੋ ਕਿ ਵੰਨ-ਸੁਵੰਨੇ ਫੁੱਲਾਂ ਅਤੇ ਸਜਾਵਟੀ ਰੁੱਖਾਂ ਨਾਲ ਭਰੀ ਹੋਈ ਹੈ, ਇਸ ਦਾ ਸਮੁੱਚਾ ਸਿਹਰਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਦੂਰ ਦ੍ਰਿਸ਼ਟੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਕੁਦਰਤ ਦੀ ਅਨਮੋਲ ਦੇਣ ਨੂੰ ਨਾ ਸਿਰਫ ਆਪਣੀਆਂ ਕਿਤਾਬਾਂ ਦਾ ਵਿਸ਼ਾ ਬਣਾਇਆ, ਸਗੋ ਲੋੜੀਂਦੇ ਦਿਸ਼ਾ-ਨਿਰਦੇਸ਼ ਅਤੇ ਸੁਯੋਗ ਅਗਵਾਈ ਦੇ ਕੇ ਕੈਂਪਸ ਨੂੰ ਹਰਿਆ-ਭਰਿਆ ਬਨਾਉਣ ਵਿੱਚ ਉੱਘਾ ਯੋਗਦਾਨ ਪਾਇਆ । ਉਹਨਾਂ ਕਿਹਾ ਕਿ ਰੰਗ-ਬਰੰਗੇ ਫੁੱਲ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜੇ ਅਤੇ ਬਹਾਰਾਂ ਲੈ ਕੇ ਆਉਂਦੇ ਹਨ। ਫੁੱਲਾਂ ਦੀ ਕਾਸ਼ਤ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਰਵਾਇਤੀ ਤੌਰ ਤੇ ਬੀਜੀਆਂ ਜਾਂਦੀਆਂ ਫ਼ਸਲਾਂ ਨਾਲੋਂ ਫੁੱਲਾਂ ਦੀ ਖੇਤੀ ਜ਼ਿਆਦਾ ਲਾਹੇਵੰਦ ਧੰਦਾ ਹੈ ਕਿਉਂਕਿ ਇਸਦੀ ਫ਼ਸਲ ਅਸੀਂ ਬਾਹਰਲੇ ਮੁਲਕਾਂ ਨੂੰ ਨਿਰਯਾਤ ਕਰਕੇ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਾਂ। ਉਹਨਾਂ ਦੱਸਿਆ ਕਿ ਸਾਲ 2021-22 ਦੌਰਾਨ ਭਾਰਤ ਨੇ 771.41 ਕਰੋੜ ਰੁਪਏ (103.47 ਯੂ ਐੱਸ ਡਾਲਰ) ਦੇ 23.597.17 ਐੱਮਟੀ ਫਲੋਰੀਕਲਚਰ ਦੇ ਉਤਪਾਦ ਵਿਸ਼ਵ ਦੀ ਮੰਡੀ ਵਿੱਚ ਨਿਰਯਾਤ ਕੀਤੇ। ਉਹਨਾਂ ਦੱਸਿਆ ਕਿ ਫਲੋਰੀਕਲਚਰ ਦੇ ਇਹਨਾਂ ਉਤਪਾਦਾਂ ਵਿੱਚ ਜ਼ਿਆਦਾ ਤੌਰ ਤੇ ਸੁੱਕੇ ਫੁੱਲ ਜਾਂ ਪੱਤੇ, ਫੁੱਲਾਂ ਦੇ ਬੀਜ, ਕੱਟ ਫਲਾਵਰ, ਬਲਬ ਅਤੇ ਟਿਊਬਰ ਆਦਿ ਸ਼ਾਮਿਲ ਸਨ। ਇਸ ਮੌਕੇ ਡਾ. ਗੋਸਲ ਨੇ ਫੁੱਲਾਂ ਦੇ ਉਤਪਾਦ ਅਤੇ ਉਹਨਾਂ ਦੀ ਪੈਕਿੰਗ ਸਮੱਗਰੀ ਨੂੰ ਨਿਰਯਾਤ ਕਰਨ ਲਈ ਭਾਰਤ ਸਰਕਾਰ ਵੱਲੋਂ ਨਿਰਯਾਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਜਿਵੇਂ ਕਿ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਕੋਲਡ ਸਟੋਰੇਜ ਅਤੇ ਢੋਆ-ਢੋਆਈ ਦੀਆਂ ਸਹੂਲਤਾਂ ਅਤੇ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਸਵਾਗਤ ਕਰਦਿਆਂ ਡਾ. ਪਰਮਿੰਦਰ ਸਿੰਘ ਫਲੋਰੀਕਲਚਰ ਵਿਭਾਗ ਨੇ ਕਿਹਾ ਕਿ ਖੇਤੀ ਮੁਨਾਫ਼ਾ ਵਧਉਣ ਲਈ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ । ਉਹਨਾਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਇਸ ਉੱਦਮ ਨੇ ਬਹੁਤ ਵਿਕਾਸ ਕੀਤਾ ਹੈ, ਜਿਸ ਕਰਕੇ ਸਾਡੇ ਕਿਸਾਨਾਂ ਨੂੰ ਗੁਲਾਬ, ਕਾਰਨੇਸ਼ਨ, ਗੁਲਦਾਉਦੀ, ਗਲੈਡੀਓਲਜ਼, ਜਿਪਸੋਫਿਲਾ, ਐਂਥੂਰੀਅਮ ਅਤੇ ਲੀਲੀਅਮ ਜਿਹੇ ਫੁੱਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਡਾ. ਸਿਮਰਤ ਸਿੰਘ ਵਿਗਿਆਨੀ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਅਤੇ ਫਲਾਵਰ ਸ਼ੋਅ ਦੇ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਮੌਕੇ ਵੱਖੋ-ਵੱਖ ਵਿਅਕਤੀਆਂ, ਨਿੱਜੀ, ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਅਤੇ ਨਰਸਰੀਆਂ ਆਦਿ ਤੋਂ ਲਗਭਗ 900 ਐਂਟਰੀਜ਼ ਆਈਆਂ ਹਨ । ਉਹਨਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਤਾਜ਼ੇ/ਸੁੱਕੇ ਫੁੱਲਾਂ ਦੇ ਗੁਲਦਸਤੇ, ਮੌਸਮੀ ਫੁੱਲ, ਪੱਤਿਆਂ ਵਾਲੇ ਪੌਦੇ, ਕੈਕਟੀ, ਫਰਨ ਅਤੇ ਬੋਨਸਾਇ ਦੀਆਂ 9 ਵੱਖ-ਵੱਖ ਸ਼੍ਰੇਣੀਆਂ ਹਨ । ਇਨਾਮ ਵੰਡ ਸਮਾਰੋਹ ਭਲਕੇ ਤਿੰਨ ਵਜੇ ਬਾਅਦ ਦੁਪਹਿਰ ਹੋਵੇਗਾ।