ਲੁਧਿਆਣਾ, 12 ਜਨਵਰੀ : ਪੀ ਏ ਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਐਮ.ਬੀ.ਏ./ਐਮ.ਬੀ.ਏ. (ਖੇਤੀਬਾੜੀ) ਅਤੇ ਪੀ.ਐਚ.ਡੀ ਦੇ ਵਿਦਿਆਰਥੀਆਂ ਲਈ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਸੁਧਾਰ ਅਤੇ ਮੇਹਦੀਆਣਾ ਸਾਹਿਬ ਦੀ ਇੱਕ ਰੋਜ਼ਾ ਵਿਦਿਅਕ ਯਾਤਰਾ ਦਾ ਆਯੋਜਨ ਕੀਤਾ। ਉਹਨਾਂ ਨੂੰ ਸੁਰੱਖਿਅਤ ਖੇਤੀ, ਕਿਰਾਏ ਤੇ ਮਸੀਨਰੀ ਚਲਾਉਣ, ਫੁੱਲਾਂ ਦੇ ਬੀਜ ਉਤਪਾਦਨ, ਸੂਰਜੀ ਊਰਜਾ ਉਤਪਾਦਨ ਅਤੇ ਸਹਿਕਾਰੀ ਸਭਾਵਾਂ ਦੇ ਕੰਮਕਾਜ ਦੇ ਅੰਦਰੂਨੀ ਭਾਗਾਂ ਨਾਲ ਜਾਣੂੰ ਕਰਾਇਆ ਗਿਆ। ਇਸ ਯਾਤਰਾ ਵਿਚ 65 ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਸਨ। ਸਾਰੇ ਵਿਦਿਆਰਥੀਆਂ ਨੇ ਗਿੱਲ ਫਾਰਮ ਪਿੰਡ ਸੁਧਾਰ ਦਾ ਦੌਰਾ ਕੀਤਾ। ਉੱਥੇ ਚਰਨਜੀਤ ਸਿੰਘ ਗਿੱਲ ਨੇ ਸੋਲਰ ਮੋਟਰਾਂ ਦੀ ਵਰਤੋਂ ਅਤੇ ਪਿੰਡ ਦੀ ਸਹਿਕਾਰੀ ਸਭਾ ਦੇ ਕੰਮਕਾਜ ਬਾਰੇ ਦੱਸਿਆ। ਵਿਦਿਆਰਥੀਆਂ ਨੇ ਫੁੱਲਾਂ ਦੇ ਬੀਜ ਉਤਪਾਦਨ ਦੀ ਕਾਰੋਬਾਰੀ ਯੋਜਨਾ ਬਾਰੇ ਜਾਣਕਾਰੀ ਲਈ। ਨਾਲ ਹੀ ਵਿਦਿਆਰਥੀਆਂ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਰਾਵਾਂ ਬਾਰੇ ਜਾਣਿਆ । ਉਹਨਾਂ ਨੇ ਪਿੰਡ ਦੇਹੜਕਾ ਵਿਖੇ ਪੈਦਲ ਯਾਤਰਾ ਕੀਤੀ। ਇਸ ਤੋਂ ਬਾਅਦ ਵਿਦਿਆਰਥੀ ਮੇਹਦੀਆਣਾ ਸਾਹਿਬ ਗੁਰਦੁਆਰੇ ਗਏ ਅਤੇ ਉਥੇ ਲੰਗਰ ਛਕਿਆ। ਗੁਰਦੁਆਰਾ ਸਾਹਿਬ ਨੇ ਸਿੱਖ ਧਰਮ ਦੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਦੀ ਝਲਕ ਦਿਖਾਈ। ਸ਼ਾਮ ਨੂੰ ਵਿਦਿਆਰਥੀਆਂ ਨੇ ਹਵੇਲੀ, ਮੁੱਲਾਂਪੁਰ ਵਿਖੇ ਐਮਬੀਏ ਦੀ ਸਾਬਕਾ ਵਿਦਿਆਰਥੀ ਸ੍ਰੀਮਤੀ ਕੋਮਲ ਚੋਪੜਾ ਦੁਆਰਾ ਸਪਾਂਸਰ ਕੀਤੀ ਰਿਫਰੈਸ਼ਮੈਂਟ ਦਾ ਆਨੰਦ ਮਾਣਿਆ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਡਿਜੀਟਲ ਮਾਰਕੀਟਿੰਗ, ਸੰਭਾਵਨਾ ਅਤੇ ਮਹੱਤਤਾ ਬਾਰੇ ਵੀ ਚਰਚਾ ਕੀਤੀ। ਜਾਣ-ਪਛਾਣ ਅਤੇ ਟੂਰ ਦਾ ਆਨੰਦ ਲੈਣ ਤੋਂ ਬਾਅਦ, ਸਾਰੇ ਵਾਪਸ ਯੂਨੀਵਰਸਿਟੀ ਪਰਤ ਗਏ। ਉਨ੍ਹਾਂ ਸਾਰਿਆਂ ਨੇ ਨਾ ਸਿਰਫ਼ ਯਾਤਰਾ ਦਾ ਆਨੰਦ ਮਾਣਿਆ ਸਗੋਂ ਇਸ ਵਿਦਿਅਕ ਯਾਤਰਾ ਤੋਂ ਖੇਤੀ-ਵਪਾਰ ਬਾਰੇ ਵੀ ਕਾਫ਼ੀ ਜਾਣਕਾਰੀ ਪ੍ਰਾਪਤ ਕੀਤੀ।