ਪੀ.ਏ.ਯੂ. ਨੇ ਵਧੇਰੇ ਝਾੜ ਦੇਣ ਵਾਲੀ ਮੂੰਗੀ ਦੀ ਕਿਸਮ-ਐੱਸ ਐੱਮ ਐੱਲ 1827 ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀ

ਲੁਧਿਆਣਾ 2 ਅਪ੍ਰੈਲ : ਪੰਜਾਬ ਦੇ ਮੌਜੂਦਾ ਫ਼ਸਲੀ ਚੱਕਰ ਵਿਚ ਵਿਭਿੰਨਤਾ ਲਈ ਪੀ.ਏ.ਯੂ. ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਇਸ ਸੰਬੰਧ ਵਿਚ ਗੱਲ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ  ਦਾਲਾਂ ਦੀ ਕਾਸ਼ਤ ਨੂੰ ਇੱਕ ਬਿਹਤਰ ਬਦਲ ਵਜੋਂ ਦੇਖਿਆ ਜਾ ਰਿਹਾ ਹੈ| ਗਰਮ ਰੁੱਤ ਦੀਆਂ ਦਾਲਾਂ ਵਿਚ ਮੂੰਗੀ ਘੱਟ ਸਮਾਂ ਲੈਣ ਵਾਲੀ ਇੱਕ ਮਹੱਤਵਪੂਰਨ ਫਸਲ ਹੈ| ਇਹ ਫਸਲ ਘੱਟ ਸਮਾਂ ਲੈਣ ਕਰਕੇ ਕਈ ਫਸਲ ਚੱਕਰਾਂ ਵਿੱਚ ਬੀਜੀ ਜਾ ਸਕਦੀ ਹੈ| ਝੋਨਾ-ਕਣਕ ਫਸਲੀ ਚੱਕਰ ਵਿਚ ਇਸ ਦੀ ਖਾਸ ਮਹੱਤਤਾ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋੋਂ ਮੂੰਗੀ ਦੀ ਕਿਸਮ ਐੱਸ ਐੱਮ ਐੱਲ 1827 ਗਰਮ ਰੁੱਤ ਵਿਚ ਕਾਸ਼ਤ ਲਈ ਵਿਕਸਿਤ ਕੀਤੀ ਗਈ ਹੈ| ਇਹ ਕਿਸਮ ਤਕਰੀਬਨ 62 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ| ਇਸ ਦੇ ਬੂਟੇ ਖੜਵੇਂ ਤੇ ਦਰਮਿਆਨੇ ਕੱਦ ਦੇ ਹੁੰਦੇ ਹਨ| ਇਸ ਨੂੰ ਫਲੀਆਂ ਗੁੱਛਿਆਂ ਵਿਚ ਲਗਦੀਆਂ ਹਨ| ਹਰ ਫਲੀ ਵਿਚ ਤਕਰੀਬਨ 10 ਦਾਣੇ ਹੁੰਦੇ ਹਨ| ਦਾਣੇ ਹਰੇ ਚਮਕੀਲੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ| ਇਹ ਕਿਸਮ ਪੀਲੀ ਚਿਤਕਬਰੀ ਦੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ| ਇਸ ਕਿਸਮ ਦਾ ਔਸਤ ਝਾੜ 5 ਕੁਇੰਟਲ ਪ੍ਰਤੀ ਏਕੜ ਹੈ|