ਪੀਏਯੂ ਕਿਸਾਨ ਕਲੱਬ (ਲੇਡਿਜ਼ ਵਿੰਗ) ਵੱਲੋਂ ਮਠਿਆਈਆਂ ਬਣਾਉਣ ਬਾਰੇ ਸਿੱਖਲਾਈ ਕੈਂਪ ਆਯੋਜਿਤ ਕੀਤਾ ਗਿਆ

ਲੁਧਿਆਣਾ 4 ਅਕਤੂਬਰ, 2024 : ਪੀ.ਏ.ਯੂ. ਕਿਸਾਨ ਕਲੱਬ (ਲੇਡਿਜ਼ ਵਿੰਗ) ਦਾ ਇੱਕ ਰੋਜ਼ਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਸਕਿੱਲ ਡਿਵੈਲਪਮੈਂਟ ਸੈਂਟਰ,ਡਾਇਰੈਕਟੋਰੇਟ ਪਸਾਰ ਸਿੱਖਿਆ,ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਕਿਸਾਨ ਕਲੱਬ (ਲੇਡਿਜ਼ ਵਿੰਗ) ਦੇ ਕੋਆਰਡੀਨੇਟਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 80 ਕਿਸਾਨ ਬੀਬੀਆਂ ਨੇ ਭਾਗ ਲਿਆ। ਉਹਨਾਂ ਨੇ ਪੀ.ਏ.ਯੂ. ਕਿਸਾਨ ਕਲੱਬ (ਲੇਡਿਜ਼ ਵਿੰਗ) ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਬੀਬੀਆਂ ਤਿਉਹਾਰਾਂ ਦੇ ਦਿਨਾਂ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਨੂੰ ਤਵੱਜੋ ਦਿੰਦੇ ਹੋਏ ਬਜ਼ਾਰੀ ਮਠਿਆਈਆਂ ਤੋਂ ਪਰਹੇਜ਼ ਕਰਕੇ ਘਰ ਵਿੱਚ ਹੀ ਸਾਫ਼-ਸੁੱਥਰੀਆਂ ਅਤੇ ਸ਼ੁੱਧ ਮਠਿਆਈਆਂ ਆਪ ਤਿਆਰ ਕਰ ਸਕਦੀਆਂ ਹਨ ਅਤੇ ਇਸ ਕਿੱਤੇ ਨੂੰ ਚੰਗੀ ਆਮਦਨ ਦਾ ਜ਼ਰੀਆ ਵੀ ਬਣਾ ਸਕਦੀਆਂ ਹਨ। ਅੱਗੇ ਉਹਨਾਂ ਦੱਸਿਆ ਕਿ ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਅਮਰਜੀਤ ਕੌਰ ਨੇ ਤਿਉਹਾਰਾਂ ਦੇ ਅਵਸਰ ਤੇ ਸਾਫ਼-ਸੁੱਥਰੀ ਅਤੇ ਪੋਸ਼ਟਿਕ ਮਠਿਆਈਆਂ ਤਿਆਰ ਕਰਨ ਦੀ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਡਾ. ਪ੍ਰੇਰਨਾ ਕਪਿਲਾ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਮੈਡਮ ਕੁਲਦੀਪ ਕੌਰ, ਮਿਸ ਦਇਆਦੀਪ ਕੌਰ ਅਤੇ ਮਿਸ ਕਾਜਲ ਨੇ ਪੋਸ਼ਟਿਕ ਮਠਿਆਈਆਂ ਜਿਵੇਂ ਅਲਸੀ ਲੱਡੂ. ਨਾਰੀਅਲ ਲੱਡੂ ਅਤੇ ਕਾਜੂ ਕਤਲੀ ਦੀ ਨਾ ਸਿਰਫ਼ ਤਿਆਰ ਕਰਨ ਦੀ ਵਿਧੀ ਸਾਂਝੀ ਕੀਤੀ ਬਲਕਿ ਪ੍ਰੈਕਟੀਕਲ ਤਰੀਕੇ ਨਾਲ ਵੀ ਇਹਨਾਂ ਮਠਿਆਈਆਂ ਨੂੰ ਤਿਆਰ ਕਰਕੇ ਵਿਖਾਇਆ। ਅੰਤ ਵਿੱਚ ਮੈਡਮ ਕੰਵਲਜੀਤ ਕੌਰ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਅਤੇ ਸਾਰੀਆਂ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ।