ਲੁਧਿਆਣਾ 18 ਮਾਰਚ : ਪੀ.ਏ.ਯੂ. ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਸੰਬੰਧ ਵਿਚ ਬੀਤੇ ਦਿਨੀਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਡੀ ਏ ਵੀ ਕਾਲਜ ਦੇ ਵਿਦਿਆਰਥੀਆਂ ਨੂੰ ਭੋਜਨ ਸੁਰੱਖਿਆ ਸਿਖਲਾਈ ਅਤੇ ਸਰਟੀਫਿਕੇਸ਼ਨ ਪ੍ਰੋਗਰਾਮ ਅਧੀਨ ਸਿਖਿਅਤ ਕੀਤਾ| ਇਸ ਵਿਚ 33 ਸਿਖਿਆਰਥੀ ਸ਼ਾਮਿਲ ਹੋਏ| ਸਿਖਲਾਈ ਪ੍ਰੋਗਰਾਮ ਦਾ ਮੰਤਵ ਵਿਦਿਆਰਥੀਆਂ ਨੂੰ ਭੋਜਨ ਸੁਰੱਖਿਆ ਦੇ ਮੁੱਢਲੇ ਨਿਯਮਾਂ ਬਾਰੇ ਜਾਣੂੰ ਕਰਵਾਉਣਾ ਸੀ| ਇਸਦੇ ਨਾਲ-ਨਾਲ ਸਿਖਲਾਈ ਲੈ ਰਹੇ ਵਿਦਿਆਰਥੀਆਂ ਦੇ ਕਿੱਤੇ ਦੀਆਂ ਲੋੜਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਸੀ| ਇਸ ਮੌਕੇ ਆਪਣੇ ਮੁੱਖ ਭਾਸ਼ਣ ਵਿਚ ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਨੇ ਭੋਜਨ ਦੀ ਸੁਰੱਖਿਆ ਸੰਬੰਧੀ ਨੁਕਤਿਆਂ ਬਾਰੇ ਗੱਲ ਕਰਦਿਆਂ ਕਿਸੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਭੋਜਨ ਸੁਰੱਖਿਆ ਦੇ ਮਹੱਤਵ ਦੀ ਗੱਲ ਕੀਤੀ| ਉਹਨਾਂ ਦੱਸਿਆ ਕਿ ਭੋਜਨ ਦੀ ਸੁਰੱਖਿਆ ਉੱਪਰ ਜ਼ੋਰ ਦੇ ਕੇ ਲੋਕਾਂ ਦੀ ਸਿਹਤ ਅਤੇ ਗਾਹਕਾਂ ਦਾ ਵਿਸ਼ਵਾਸ਼ ਬਹਾਲ ਕੀਤਾ ਜਾ ਸਕਦਾ ਹੈ| ਇਸ ਤੋਂ ਇਲਾਵਾ ਇਸ ਵਿਸ਼ੇ ਨਾਲ ਸੰਬੰਧਤ ਪ੍ਰਮੁੱਖ ਮਾਹਿਰ ਡਾ. ਵਿਕਾਸ ਕੁਮਾਰ ਨੇ ਭੋਜਨ ਸੁਰੱਖਿਆ ਦੇ ਮਾਪਦੰਡਾ ਬਾਰੇ ਗੱਲਬਾਤ ਕੀਤੀ| ਸਿਖਿਆਰਥੀਆਂ ਨੂੰ ਇਸ ਸੰਬੰਧ ਵਿਚ ਸਿਖਿਅਤ ਕਰਨ ਲਈ ਪ੍ਰਦਰਸ਼ਨੀਆਂ ਅਤੇ ਸੰਵਾਦ ਦੇ ਸੈਸ਼ਨ ਕਰਵਾਏ ਗਏ| ਭਾਗ ਲੈਣ ਵਾਲਿਆਂ ਨੂੰ ਵਿਸਥਾਰ ਨਾਲ ਸਿਖਲਾਈ ਦੇ ਕੇ ਸਫਾਈ ਅਤੇ ਪੌਸ਼ਟਿਕਤਾ ਨੂੰ ਬਰਕਰਾਰ ਰੱਖ ਕੇ ਭੋਜਨ ਉਦਯੋਗ ਦੀਆਂ ਜ਼ਰੂਰਤਾਂ ਤੋਂ ਜਾਣੂੰ ਕਰਵਾਇਆ ਗਿਆ| ਇਸ ਸਿਖਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਨੇਹਾ ਬੱਬਰ ਅਤੇ ਹਨੂੰਮਾਨ ਬੋਬੜੇ ਨੇ ਸਿਖਲਾਈ ਦੀ ਰੂਪਰੇਖਾ ਅਤੇ ਇਸਦੇ ਮਹੱਤਵ ਬਾਰੇ ਗੱਲ ਕਰਦਿਆਂ ਭੋਜਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਬਾਰੇ ਗੱਲ ਕੀਤੀ| ਇਸ ਸੰਬੰਧ ਵਿਚ ਭਾਗ ਲੈਣ ਵਾਲਿਆਂ ਨੂੰ ਵਿਸ਼ੇ ਦੀਆਂ ਨਵੀਨ ਤਕਨਾਲੋਜੀਆਂ ਤੋਂ ਵੀ ਜਾਣੂੰ ਕਰਵਾਇਆ ਗਿਆ|