- ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਾਬਕਾ ਵਿਦਿਆਰਥੀਆਂ ਨੂੰ ਇਹਨਾਂ ਪ੍ਰਾਪਤੀਆਂ ਲਈ ਵਧਾਈ ਦਿੱਤੀ
ਲੁਧਿਆਣਾ 22 ਜੂਨ : ਬੀਤੇ ਦਿਨੀਂ ਦੁਨੀਆਂ ਭਰ ਵਿੱਚ ਵਸਦੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦੀਆਂ ਖਬਰਾਂ ਸਾਹਮਣੇ ਆਈਆਂ | ਇਸ ਸੰਬੰਧੀ ਇੱਕ ਸੂਚਨਾ ਅਨੁਸਾਰ ਸਿਡਨੀ ਵਿੱਚ ਕਾਉਂਸਲਰ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਮੋਨਿੰਦਰਜੀਤ ਸੰਧਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ | ਜ਼ਿਕਰਯੋਗ ਹੈ ਕਿ ਸ਼੍ਰੀ ਮੋਦੀ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲੇ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਲਈ ਆਸਟੇ੍ਰਲੀਆ ਦੇ ਦੌਰੇ ਸਨ | ਇਸ ਦੌਰਾਨ ਉਹਨਾਂ ਨੇ ਭਾਰਤੀ ਮੂਲ਼ ਦੇ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ | ਪ੍ਰਧਾਨਮੰਤਰੀ ਨੇ ਆਸਟ੍ਰੇਲੀਆਂ ਦੀ ਤਰੱਕੀ ਵਿੱਚ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਿਹਤ ਸਿੱਖਿਆ ਅਤੇ ਰੁਜ਼ਗਾਰ ਦੇ ਨਾਲ-ਨਾਲ ਆਸਟ੍ਰੇਲ਼ੀਆਈ ਸਮਾਜ ਦੇ ਸਾਰੇ ਖੇਤਰਾਂ ਵਿੱਚ ਭਾਰਤੀਆਂ ਵਿਸ਼ੇਸ਼ ਕਰ ਪੰਜਾਬੀਆਂ ਨੂੰ ਕੁੱਲ ਵਸੋਂ ਦਾ 3% ਹੋਣ ਦੇ ਬਾਵਜੂਦ ਪਾਏ ਭਰਪੂਰ ਯੋਗਦਾਨ ਨੂੰ ਵਡਿਆਇਆ | ਡਾ. ਸਾਂਘਾ ਨੇ ਇਸ ਮੌਕੇ ਭਾਰਤ ਦੇ ਪ੍ਰਧਾਨਮੰਤਰੀ ਨਾਲ ਪ੍ਰਵਾਸੀਆਂ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ | ਇਕ ਹੋਰ ਖਬਰ ਅਨੁਸਾਰ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਬਰਤਾਨੀਆਂ ਵਾਸੀ ਸ੍ਰੀ ਦਿਲਬਾਗ ਸਿੰਘ ਪਰਮਾਰ ਨੂੰ ਸਲੋਹ ਸ਼ਹਿਰ ਦਾ ਮੇਅਰ ਚੁਣਿਆ ਗਿਆ | ਉਹਨਾਂ ਦੀ ਇਸ ਪ੍ਰਾਪਤੀ ਤੇ ਬਰਤਾਨੀਆਂ ਦੇ ਸੰਸਦ ਮੈਂਬਰ ਸ਼੍ਰੀ ਤਨਮਨਜੀਤ ਸਿੰਘ ਢੇਸੀ ਨੇ ਵਧਾਈ ਦਿੱਤੀ| ਆਸਟ੍ਰੇਲੀਆ ਦੇ ਸਭ ਤੋਂ ਵੱਡੇ ਨਾਗਰਿਕ ਸਨਾਮਨਾਂ ਵਜੋਂ ਜਾਣੇ ਜਾਂਦੇ ਐਵਾਰਡ ਆਰਡਰ ਆਫ ਅਸਟ੍ਰੇਲੀਆ ਫਾਰ ਸੋਸ਼ਲ ਸਰਵਿਸ ਨਾਲ ਪੀ.ਏ.ਯੂ. ਦੇ ਇੱਕ ਸਾਬਕਾ ਵਿਦਿਆਰਥੀ ਡਾ. ਸੁਨੀਤਾ ਸਿੱਧੂ ਢੀਂਡਸਾ ਨੂੰ ਸਨਮਾਨਿਆ ਗਿਆ | ਡਾ. ਸੁਨੀਤਾ ਇਸ ਐਵਾਰਡ ਨਾਲ ਨਿਵਾਜੇ ਜਾਣ ਵਾਲੇ ਇਕਮਾਤਰ ਪੰਜਾਬੀ ਬਣੇ ਹਨ | ਲਗਭਗ 30 ਸਾਲ ਪਹਿਲਾਂ ਪੀ.ਏ.ਯੂ. ਤੋਂ ਪੀ ਐੱਚ ਡੀ ਕਰਨ ਉਪਰੰਤ ਡਾ. ਸੁਨੀਤਾ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਦੇ ਨਿਵਾਸੀ ਬਣੇ ਸਨ | ਉਹਨਾਂ ਨੇ ਉਥੇ ਆਸਟ੍ਰੇਲੀਆ ਦੇ ਸਿਹਤ ਮੰਤਰਾਲੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਇਸੇ ਮੰਤਰਾਲੇ ਤੋਂ ਨਿਰਦੇਸ਼ਕ ਵਜੋਂ ਸੇਵਾਮੁਕਤ ਹੋਏ | ਆਸਟ੍ਰੇਲੀਆਂ ਵਿੱਚ ਸਿਹਤ ਸੇਵਾਵਾਂ ਦੇ ਸੰਬੰਧ ਵਿੱਚ ਵੱਡੀਆਂ ਪਦਵੀਆਂ ਤੇ ਰਹੇ ਡਾ. ਸੁਨੀਤਾ ਨੇ ਪੀ.ਏ.ਯੂ. ਲਈ ਮਾਣ ਦੀਆਂ ਘੜੀਆਂ ਹਾਸਲ ਕੀਤੀਆਂ | ਇਸ ਸੰਬੰਧ ਵਿੱਚ ਵਿਸ਼ੇਸ਼ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਉੱਪਰ ਯੂਨੀਵਰਸਿਟੀ ਨੂੰ ਬੇਹੱਦ ਮਾਣ ਹੈ | ਇਹਨਾਂ ਮਾਣਮੱਤੀਆਂ ਸ਼ਖਸੀਅਤਾਂ ਨੇ ਪੀ.ਏ.ਯੂ. ਦੀ ਰਵਾਇਤ ਅਤੇ ਸੰਸਕਾਰਾਂ ਨੂੰ ਵਿਸ਼ਵ ਪੱਧਰ ਤੇ ਫੈਲਾਇਆ ਅਤੇ ਯੂਨੀਵਰਸਿਟੀ ਦੀ ਅਕਾਦਮਿਕ ਵਿਰਾਸਤ ਦਾ ਕੱਦ ਉੱਚਾ ਕੀਤਾ ਹੈ | ਡਾ. ਗੋਸਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਇਹਨਾਂ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਪੀ.ਏ.ਯੂ. ਦੀਆਂ ਮਾਣ ਵਾਲੀਆਂ ਘੜੀਆਂ ਹਨ | ਇਸ ਮੌਕੇ ਉੱਚ ਅਧਿਕਾਰੀਆਂ ਅਤੇ ਅਲੂਮਨੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵੀ ਸਾਬਕਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ |