ਪਾਕਿਸਤਾਨ ਦੇ ਸਿਰਕੱਢ ਵਿਦਵਾਨ ਤੇ ਕਾਨੂੰਨਦਾਨ ਸੱਯਦ ਅਫ਼ਜ਼ਲ ਹੈਦਰ ਸੁਰਗਵਾਸ

ਲੁਧਿਆਣਾ : ਪਾਕਿਸਤਾਨ ਦੇ ਉੱਘੇ ਵਿਦਵਾਨ ਤੇ ਕਾਨੂੰਨਦਾਨ ਸੱਯਦ ਅਫ਼ਜ਼ਲ ਹੈਦਰ ਅਕਾਲ ਚਲਾਣਾ ਕਰ ਗਏ ਹਨ। ਸੱਯਦ ਅਫ਼ਜ਼ਲ ਹੈਦਰ ਪਾਕਿਸਤਾਨ ਵਿੱਚ ਸ਼ਰੀਅਤ ਕੋਰਟ ਦੇ ਚੀਫ ਜਸਟਿਸ ਵੀ ਕਹੇ। 2008 ਵਿੱਚ ਪਾਕਿਸਤਾਨ ਦੀ ਕੰਮ ਚਲਾਊ ਕੌਮੀ ਸਰਕਾਰ ਦੇ ਵੀ ਕਾਨੂੰਨ ਮੰਤਰੀ ਹੁੰਦਿਆਂ ਆਨੰਦ ਮੈਰਿਜ ਐਕਟ ਦਾ ਆਰਡੀਨੈਂਸ ਜਾਰੀ ਕਰਨ ਵਿੱਚ ਪਹਿਲ ਕਦਮੀ ਕੀਤੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੱਯਦ ਅਫ਼ਜ਼ਲ ਹੈਦਰ ਦੇ ਚਲਾਣੇ ਤੇ ਡੂੰਘੇ ਅਫ਼ਸੋਸ ਦੀ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਅਸੀਂ ਕੁਝ ਪੰਜਾਬੀ ਲੇਖਕਾਂ ਨੇ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ 2019 ਚ ਸੁਣਿਆ ਅਤੇ ਚੰਗਾ ਅਸਰ ਕਬੂਲਿਆ। ਉਹ ਬਾਬਾ ਫ਼ਰੀਦ ਦੇ ਉੱਤਰਾ ਅਧਿਕਾਰੀ ਪਰਿਵਾਰ ਚੋਂ ਸਨ ਤੇ ਉਨ੍ਹਾ ਦੀ ਸੋਚ ਧਾਰਾ ਤੇ ਵੀ ਬਾਬਾ ਫ਼ਰੀਦ ਤੇ ਗੁਰੂ ਨਾਨਕ ਦੇਵ ਜੀ ਦਾ ਗੂੜ੍ਹਾ ਅਸਰ ਸੀ। 1930 ਨੂੰ ਜਨਮੇ ਸੱਯਦ ਅਫ਼ਜ਼ਲ ਹੈਦਰ ਜੀ ਨੇ ਬਾਬਾ ਫ਼ਰੀਦ ਤੇ ਗੁਰੂ ਨਾਨਕ ਬਾਣੀ ਤੇ ਦਸ ਤੋਂ ਵੱਧ ਕਿਤਾਬਾਂ ਲਿਖੀਆਂ ਸਨ।  2008 ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵੀ ਬੁਲਾ ਕੇ ਸਨਮਾਨਿਤ ਕੀਤਾ ਸੀ।