ਕੇਂਦਰ ਸਰਕਾਰ ਤੋਂ ਨਰਾਜ਼ ਪੈਟਰੋਲ ਪੰਪ ਦੇ ਮਾਲਿਕ, ਹਫ਼ਤੇ ਦੇ ਆਖਰੀ ਦਿਨ ਪੈਟਰੋਲ ਪੰਪ ਬੰਦ ਕਰਨ ਦਾ ਕੀਤਾ ਐਲਾਨ

ਲੁਧਿਆਣਾ, 1 ਅਗਸਤ 2024 : ਲਗਾਤਾਰ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੀ ਪੈਟਰੋਲ ਪੰਪ ਡੀਲਰਾਂ ਦੀ ਕਮਿਸ਼ਨ ਵਧਾਉਣ ਦੀ ਮੰਗ ਉੱਤੇ ਕੋਈ ਵੀ ਫੈਸਲਾ ਨਾ ਕੀਤੇ ਜਾਣ ਦੇ ਵਿਰੋਧ ਦੇ ਵਿੱਚ ਅੱਜ ਲੁਧਿਆਣਾ ਵਿੱਚ ਐਸੋਸੀਏਸ਼ਨ ਦੀ ਇੱਕ ਅਹਿਮ ਬੈਠਕ ਹੋਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਉਹਨਾਂ ਕੋਲ ਕੋਈ ਰਾਹ ਗੱਲਬਾਤ ਦਾ ਨਹੀਂ ਬਚਿਆ ਹੈ। ਉਹਨਾਂ ਨੇ ਪਹਿਲਾਂ ਕਈ ਵਾਰ ਕੇਂਦਰੀ ਮੰਤਰੀ ਤੱਕ ਪਹੁੰਚ ਕਰ ਲਈ ਅਤੇ ਸੂਬਾ ਸਰਕਾਰ ਨੂੰ ਵੀ ਦੱਸ ਦਿੱਤਾ ਪਰ ਕੋਈ ਮਸਲਾ ਹੱਲ ਨਾ ਹੋਣ ਕਰਕੇ ਹੁਣ ਡੀਲਰ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਜਲਦ ਹੀ ਉਹ ਹੁਣ ਹਫਤੇ ਵਿੱਚ ਇੱਕ ਦਿਨ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣਗੇ। ਉਨ੍ਹਾਂ ਆਖਿਆ ਇਸ ਸਬੰਧੀ ਤਰੀਕਾਂ ਜਲਦ ਹੀ ਨਿਰਧਾਰਿਤ ਕੀਤੀਆਂ ਜਾਣਗੀਆਂ। ਦੱਸ ਦਈਏ ਅੱਜ ਲੁਧਿਆਣਾ ਜ਼ਿਲ੍ਹਾ ਪੱਧਰੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਬੈਠਕ ਹੋਈ ਹੈ। ਜਿਸ ਤੋਂ ਬਾਅਦ ਸੂਬਾ ਪੱਧਰੀ ਬੈਠਕ ਵੀ ਹੋਵੇਗੀ, ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਵਿਰੋਧ ਦਾ ਇਹ ਫੈਸਲਾ ਲਿਆ ਹੈ। ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਬੀਤੇ 2017 ਤੋਂ ਅਸੀਂ ਲਗਾਤਾਰ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਸਾਡੇ ਕਮਿਸ਼ਨ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਹੋਏ ਸੰਘਰਸ਼ ਲੜ ਰਹੇ ਹਨ। ਬੀਤੇ ਸੱਤ ਸਾਲ ਤੋਂ ਉਹਨਾਂ ਦੇ ਕਮਿਸ਼ਨ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ, ਉਹਨਾਂ ਦੇ ਖਰਚੇ ਲਗਾਤਾਰ ਵੱਧ ਰਹੇ ਹਨ। ਉਹਨਾਂ ਕਿਹਾ ਕਿ ਇਸ ਉੱਤੇ ਸਾਡੀਆਂ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਸੀ ਅਤੇ ਸਾਨੂੰ ਉਸ ਵੇਲੇ ਨਾਮੋਸ਼ੀ ਹੱਥ ਲੱਗੀ ਜਦੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਵੇਖਿਆ। ਉਹਨਾਂ ਨੇ ਕਿਹਾ ਕਿ ਹੁਣ ਅੱਗੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ਪੱਧਰ ਦੀ ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।