ਬਠਿੰਡਾ ਦੀ ਸਰਹੰਦ ਨਹਿਰ 'ਚ ਨਹਾਉਣ ਗਏ 4 ਦੋਸਤਾਂ ਵਿੱਚੋਂ ਇਕ ਡੁੱਬਿਆ, ਤਿੰਨ ਨੂੰ ਸੁਰੱਖਿਤ ਕੱਢਿਆ 

ਬਠਿੰਡਾ, 27 ਸਤੰਬਰ 2024 : ਬਠਿੰਡਾ ਦੀ ਸਰਹੰਦ ਕੈਨਾਲ ਨਹਿਰ ਵਿੱਚ ਗਰਮੀ ਤੋਂ ਬਚਾਅ ਲਈ ਨਹਾਉਣ ਗਏ ਦੋਸਤਾਂ ਵਿੱਚੋਂ ਇੱਕ ਤੇਜ਼ ਵਹਾਅ ਵਿੱਚ ਰੁੜ ਗਿਆ। ਇਸ ਘਟਨਾ ਦਾ ਪਤਾ ਚੱਲਦੇ ਹੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ। ਜਿਨਾਂ ਵੱਲੋਂ ਆਪਣੇ ਪੱਧਰ 'ਤੇ ਪਾਣੀ ਵਿੱਚ ਰੁੜੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਵੱਲੋਂ ਐਨਡੀਆਰਐਫ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਜਿੰਨਾਂ ਵੱਲੋਂ ਨਹਿਰ ਵਿੱਚ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਚਾਰ ਦੋਸਤ ਇਸ ਨਹਿਰ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਲਈ ਆਏ ਸਨ। ਇਸ ਦੌਰਾਨ ਇੱਕ ਬੱਚਾ ਤੇਜ਼ ਵਹਾਅ ਵਿੱਚ ਨਹਿਰ ਵਿੱਚ ਰੁੜ ਗਿਆ। ਜਿਸ ਦੀ ਭਾਲ ਐਨਡੀਆਰਐਫ ਅਤੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ ਕੀਤੀ ਜਾ ਰਹੀ ਹੈ। ਉਧਰ ਮੌਕੇ 'ਤੇ ਪਹੁੰਚੇ ਐਸਐਚਓ ਥਾਣਾ ਕਨਾਲ ਹਰਜੀਵਨ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ ਗਿਆ ਸੀ, ਜਿੰਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਅਕਸਰ ਹੀ ਇਸ ਇਲਾਕੇ ਵਿੱਚ ਪੀਸੀਆਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਪਰ ਫਿਰ ਵੀ ਲੋਕ ਨਹਿਰ ਵਿੱਚ ਨਹਾਉਣ ਤੋਂ ਨਹੀਂ ਟਲਦੇ। ਫਿਲਹਾਲ ਐਨਡੀਆਰਐਫ ਦੀ ਟੀਮ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।