ਕਿਸਾਨ ਘੋਲ ਦੀ ਜਿੱਤ ਮੌਕੇ ਘਰਾਂ/ਚੌਕਾਂ/ਚੁਰਾਹਿਆਂ ਅੱਗੇ ਦੀਪਮਾਲਾ 19 ਨਵੰਬਰ ਨੂੰ : ਮਨਜੀਤ ਧਨੇਰ

ਬਰਨਾਲਾ (ਧਨੇਰ) : ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੀ ਬਦੌਲਤ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ ਸੀ। ਇਸ ਲਈ ਸਯੁੰਕਤ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਦਿਨ ਨੂੰ ਫਤਿਹ ਦਿਵਸ ਵਜੋਂ ਮਨਾਇਆ ਜਾਏਗਾ। ਇਸ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ ਅਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ 19 ਨਵੰਬਰ ਨੂੰ ਪੂਰੇ ਜ਼ਿਲ੍ਹੇ ਅੰਦਰ ਘਰਾਂ/ਚੌਂਕਾਂ/ਚੁਰਾਹਿਆਂ ਅੱਗੇ ਦੀਪਮਾਲਾ ਕੀਤੀ ਜਾਵੇਗੀ। ਸਾਂਝੇ ਤੌਰ'ਤੇ ਪਿੰਡਾਂ ਵਿੱਚ ਇਕੱਠੇ ਹੋਕੇ ਮਾਰਚ ਕੀਤੇ ਜਾਣਗੇ। ਆਗੂਆਂ ਕਿਹਾ ਕਿ 26 ਨਵੰਬਰ 2020 ਨੂੰ ਸਯੁੰਕਤ ਕਿਸਾਨ ਮੋਰਚਾ ਦੀ ਕਾਲ ਤਹਿਤ ਲੱਖਾਂ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋਏ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਮੋਰਚੇ ਦਾ ਫੈਸਲੇ ਅਨੁਸਾਰ 26 ਨਵੰਬਰ ਨੂੰ ਪੰਜਾਬ ਦੇ ਰਾਜ ਭਵਨ ਵੱਲ ਨੂੰ ਮਾਰਚ ਕੀਤਾ ਜਾਵੇਗਾ ਅਤੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਵੇਗਾ। ਇਹਨਾਂ ਮੰਗ ਪੱਤਰਾਂ ਵਿੱਚ ਸਯੁੰਕਤ ਕਿਸਾਨ ਮੋਰਚੇ ਦੀਆਂ ਕੇਂਦਰੀ ਮੰਗਾਂ ਦੇ ਨਾਲ ਨਾਲ ਉਸ ਸੂਬੇ ਦੀਆਂ ਮੰਗਾਂ ਵੀ ਹੋਣਗੇ। ਆਗੂਆਂ ਨੇ ਸਮੂਹ ਪਿੰਡ ਇਕਾਈਆਂ ਨੂੰ ਦੋਵੇਂ ਪਰੋਗਰਾਮਾਂ ਦੀ ਤਿਆਰੀ ਲਈ ਪਿੰਡ ਪਿੰਡ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ। ਆਗੂਆਂ ਕਿਹਾ ਕਿ ਬਰਨਾਲਾ ਜਿਲ੍ਹੇ ਵਿੱਚੋਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ 26 ਨਵੰਬਰ ਨੂੰ ਦਿੱਲੀ ਵੱਲ ਆਪੋ ਆਪਣੇ ਸਾਧਨਾਂ ਰਾਹੀਂ ਚੰਡੀਗੜ੍ਹ ਵੱਲੋਂ ਰਵਾਨਾ ਹੋਵੇਗਾ। ਇਸ ਸਮੇਂ ਅਮਨਦੀਪ ਸਿੰਘ ਰਾਏਸਰ, ਬਾਬੂ ਸਿੰਘ ਖੁੱਡੀਕਲਾਂ, ਕੁਲਵੰਤ ਸਿੰਘ ਭਦੌੜ, ਕਾਲਾ ਸਿੰਘ ਜੈਦ, ਅਮਨਦੀਪ ਸਿੰਘ ਟਿੰਕੂ, ਭਾਗ ਸਿੰਘ ਕੁਰੜ, ਜਗਰੂਪ ਸਿੰਘ ਗਹਿਲ, ਸੁਖਦੇਵ ਸਿੰਘ ਕੁਰੜ ਆਦਿ ਕਿਸਾਨ ਆਗੂਆਂ ਨੇ ਮੋਦੀ ਹਕੂਮਤ ਅਤੇ ਭਗਵੰਤ ਮਾਨ ਹਕੂਮਤ ਨੂੰ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਮੰਨਣ ਦੀ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ।