ਬਿਜਲੀ ਮੰਤਰੀ ਵੱਲੋਂ ਪਿੰਡ ਪਵਾ 'ਚ ਖਪਤਕਾਰਾਂ ਨੂੰ ਨਵਾਂ 66 ਕੇ.ਵੀ. ਸਬ-ਸਟੇਸ਼ਨ ਸਮਰਪਿਤ 

  • ਪ੍ਰੋਜੈਕਟ 'ਤੇ ਕਰੀਬ 10 ਕਰੋੜ ਰੁਪਏ ਕੀਤੇ ਗਏ ਖਰਚ 

ਲੁਧਿਆਣਾ, 26 ਫਰਵਰੀ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਪਿੰਡ ਪਵਾ 'ਚ ਨਵਾਂ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਲੋਕਾਂ ਨੂੰ ਸਮਰਪਿਤ ਕੀਤਾ। ਇਹ ਨਵਾਂ 66 ਕੇ.ਵੀ. ਗਰਿੱਡ ਸਬ-ਸਟੇਸ਼ਨ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜੋ ਮੌਜੂਦਾ ਸਬ ਸਟੇਸ਼ਨਾਂ ਦਾ ਲੋਡ ਘਟਾਉਣ ਅਤੇ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਸਬ ਸਟੇਸ਼ਨ ਦਾ ਉਦਘਾਟਨ ਕਰਨ ਉਪਰੰਤ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਰਜਿੰਦਰਪਾਲ ਕੌਰ ਛੀਨਾ ਅਤੇ ਹੋਰਾਂ ਦੇ ਨਾਲ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਪਤਕਾਰਾਂ ਨੂੰ ਮਿਆਰੀ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਸਰਕਾਰ ਮੌਜੂਦਾ ਸਬ- ਸਟੇਸ਼ਨਾਂ ਦਾ ਲੋਡ ਘਟਾਉਣ ਲਈ ਸੂਬੇ ਭਰ ਵਿੱਚ ਨਵੇਂ ਸਬ-ਸਟੇਸ਼ਨਾਂ ਦਾ ਨਿਰਮਾਣ ਕਰ ਰਹੀ ਹੈ। ਨਵੇਂ ਸਥਾਪਿਤ ਕੀਤੇ ਸਬ-ਸਟੇਸ਼ਨ ਵਿੱਚ 20 ਐਮ.ਵੀ.ਏ. ਪਾਵਰ ਟ੍ਰਾਂਸਫਾਰਮਰ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀ ਸੰਭਾਵੀ ਮੰਗ ਨੂੰ ਪੂਰਾ ਕਰਨ ਲਈ ਵਾਧੂ ਟਰਾਂਸਫਾਰਮਰ ਰੱਖੇ ਗਏ ਹਨ। ਈ.ਟੀ.ਓ ਨੇ ਦੱਸਿਆ ਕਿ ਇਸ ਗਰਿੱਡ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਮੌਜੂਦਾ 66 ਕੇ.ਵੀ. ਸਬ-ਸਟੇਸ਼ਨ ਕੰਗਣਵਾਲ ਅਤੇ 220 ਕੇਵੀ ਸਬ-ਸਟੇਸ਼ਨ ਸਾਹਨੇਵਾਲ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ 11 ਕੇਵੀ ਦੇ ਨਵੇਂ ਫੀਡਰ ਸ਼ੁਰੂ ਹੋਣ ਨਾਲ ਪੁਰਾਣੀਆਂ ਚੱਲਦੀਆਂ ਲਾਈਨਾਂ ਦੀ ਲੰਬਾਈ ਘਟ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਗਰਿੱਡ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਬਿਜਲੀ ਸਪਲਾਈ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਉਦਯੋਗਿਕ ਕੁਨੈਕਸ਼ਨਾਂ ਨੂੰ ਨਿਰਵਿਘਨ ਪਾਵਰ ਸਪਲਾਈ ਜਾਰੀ ਕਰਨ ਵਿੱਚ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਖੇਤਰ ਨੂੰ ਵੀ ਇਸ ਪਾਵਰ ਹਾਊਸ ਦੀ ਚੰਗੀ ਬਿਜਲੀ ਸਪਲਾਈ ਮਿਲੇਗੀ। ਇਸ ਮੌਕੇ ਪੀ.ਐਸ.ਪੀ.ਸੀ.ਐਲ. ਦੇ ਸੀਨੀਅਰ ਅਧਿਕਾਰੀ ਅਤੇ ਹੋਰ ਵੀ ਹਾਜ਼ਰ ਸਨ।