ਬਾਲ ਮਾਨਸਿਕਤਾ ਨੂੰ ਗਿਆਨ ਵਿਗਿਆਨ ਆਧਾਰਿਤ ਗੀਤਾਂ ਨਾਲ ਇੱਕੀਵੀ ਸਦੀ ਦੇ ਹਾਣੀ ਬਣਾਉਣ ਦੀ ਲੋੜ : ਪ੍ਰੋ. ਗਿੱਲ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਬਾਲ ਮਾਨਸਿਕਤਾ ਨੂੰ ਗਿਆਨ ਵਿਗਿਆਨ ਆਧਾਰਿਤ ਗੀਤਾਂ ਨਾਲ ਹੀ ਇੱਕੀਵੀਂ ਸਦੀ ਦੀਆਂ ਚੁਣੌਤੀਆਂ ਸਾਹਮਣੇ ਖੜ੍ਹਾ ਕੀਤਾ ਜਾ ਸਕਦਾ ਹੈ। ਇਹ ਸ਼ਬਦ ਲਲਤੋਂ ਕਲਾਂ(ਲੁਧਿਆਣਾ) ਦੇ ਹਰੀ ਸਿੰਘ ਦਿਲਬਰ ਕਲਾ ਤੇ ਸਾਹਿੱਤ ਭਵਨ ਵਿੱਚ ਇਸੇ ਪਿੰਡ ਦੇ ਜੰਮਪਲ ਪੰਜਾਬੀ ਕਵੀ ਤੇ ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੇ ਨਵੇਂ ਗੀਤ ਯੁਗ ਵਿਗਿਆਨ ਦਾ ਆਇਆ ਨੂੰ ਲੋਕ ਅਰਪਨ ਕਰਨ ਦੀ ਰਸਮ ਨਿਭਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਹੇ। ਬਾਲ ਸਾਹਿਤ ਨੂੰ ਸਮਰਪਿਤ ਕਰਮਜੀਤ ਸਿੰਘ ਗਰੇਵਾਲ ਦਾ ਗੀਤ ਯੁੱਗ ਵਿਗਿਆਨ ਦਾ ਆਇਆ ਉੱਘੀਆਂ ਸ਼ਖ਼ਸੀਅਤਾਂ ਕਹਾਣੀਕਾਰ ਉਜਾਗਰ ਸਿੰਘ ਲਲਤੋਂ, ਡਾ. ਗੁਲਜ਼ਾਰ ਪੰਧੇਰ, ਸੁਖਜੀਤ ਕੌਰ, ਤਰਲੋਚਨ ਝਾਂਡੇ, ਤਰਸੇਮ ਬਰਨਾਲਾ, ਤ੍ਰੈਲੋਚਨ ਲੋਚੀ, ਡਾ. ਕਰਨਲ ਦਲਵਿੰਦਰ ਸਿੰਘ ਗਰੇਵਾਲ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਸਖ਼ਸ਼ੀਅਤਾਂ ਨੇ ਰਿਲੀਜ਼ ਕੀਤਾ। ਉਜਾਗਰ ਲਲਤੋਂ ਨੇ ਕਿਹਾ ਕਿ ਬਾਲ ਮਨੋਵਿਗਿਆਨ ਦੀ ਸਮਝ ਰੱਖਣ ਵਾਲ਼ਾ ਸਮਰੱਥ ਸਾਹਿਤਕਾਰ ਹੈ। ਗੁਰਭਜਨ ਗਿੱਲ ਨੇ ਕਿਹਾ ਕਿ ਉਹ ਮੇਰੇ ਮਿੱਤਰ ਸ. ਦਲੀਪ ਸਿੰਘ ਦਾ ਹੋਣਹਾਰ ਪੁੱਤਰ ਹੈ ਜੋ ਬਾਲ ਸਾਹਿਤਕਾਰ ਵਜੋਂ ਬਾਲ ਗੀਤ, ਬਾਲ ਕਹਾਣੀਆਂ ਤੇ ਬਾਲ ਨਾਟਕਾਂ ਦੀਆਂ 10 ਪੁਸਤਕਾਂ ਲਿਖ ਚੁਕਾ ਹੈ। ਉਸ ਦੇ ਬੱਚਿਆਂ ਲਈ ਬਣਾਏ 320 ਆਡੀਓ/ਵੀਡੀਓ ਬਾਲ ਗੀਤਾਂ ਦੀ ਲੜੀ ਵਿੱਚ ਇਹ 321 ਵਾਂ ਗੀਤ ਹੈ।ਪ੍ਰੋ. ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਸਭਾਵਾਂ ਦਾ ਸਕੂਲਾਂ ਵਿੱਚ ਪੁਨਰ ਸੁਰਜੀਤ ਕੀਤਾ ਜਾਣਾ ਵੀ ਸ਼ੁਭ ਸੰਕੇਤ ਹੈ। ਅਜਿਹੇ ਗੀਤ ਬੱਚੇ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਤਰਸੇਮ ਬਰਨਾਲ਼ਾ ਨੇ  ਗੀਤਕਾਰ ਬਾਰੇ ਕਿਹਾ ਕਿ ਕਰਮਜੀਤ ਬੱਚਿਆਂ ਲਈ ਬਹੁਤ ਪਿਆਰੇ ਗੀਤ ਲਿਖਦਾ ਤੇ ਗਾਉਂਦਾ ਹੈ।ਡਾਃ ਗੁਲਜ਼ਾਰ ਸਿੰਘ ਪੰਧੇਰ ਸੰਪਾਦਕ ਨਜ਼ਰੀਆ ਨੇ ਕਿਹਾ ਕਿ ਅਜਿਹੇ ਗੀਤ ਬੱਚੇ ਨੂੰ ਤਰਕ ਨਾਲ਼ ਸੋਚਣ ਵਾਲ਼ਾ ਬਣਾਉਂਦੇ ਹਨ। ਉੱਘੇ ਲੇਖਕ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਰਮਜੀਤ ਗਰੇਵਾਲ ਨੇ ਬਾਲ ਮਾਨਸਿਕਤਾ ਨੂੰ ਸਹੀ ਪ੍ਰਸੰਗ ਵਿੱਚ ਸਮਝਿਆ ਹੈ। ਇਸ ਮੌਕੇ ਪ੍ਰਿੰਸੀਪਲ ਸੁਖਦੇਵ ਸਿੰਘ,ਬਲਵਿੰਦਰ ਸਿੰਘ ਮੋਹੀ, ਮਾਸਟਰ ਤਰਸੇਮ ਲਾਲ, ਗੁਰਪਿਆਰ ਸਿੰਘ ਸਰਾਭਾ,ਗੁਰਦੀਪ ਮਡਾਹਰ, ਪਰਮਿੰਦਰ ਅਲਬੇਲਾ, ਗੀਤਕਾਰ ਸਰਬਜੀਤ ਵਿਰਦੀ,ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਕਵੀ ਭਗਵਾਨ ਢਿੱਲੋਂ, ਇੰਸਪੈਕਟਰ ਹੁਸ਼ਿਆਰ ਸਿੰਘ ਗਰੇਵਾਲ,ਚਰਨਜੀਤ ਸ਼ਰਮਾ, ਐੱਸ.ਪੀ.ਸਿੰਘ, ਚਮਕੌਰ ਸਿੰਘ, ਬਲਬੀਰ ਮਾਨ, ਗਾਇਕ ਜਗਤਾਰ ਜੱਗਾ, ਅਮਰਜੀਤ ਸ਼ੇਰਪੁਰੀ, ਮੋਹਣ ਹਸਨਪੁਰੀ, ਮਲਕੀਤ ਮਾਲੜਾ, ਜਸਦੇਵ ਲਲਤੋਂ,ਰਛਪਾਲ ਸਿੰਘ ਵਾਲੀਆ, ਅਜੈਬ ਸਿੰਘ ਥਰੀਕੇ, ਸੌਰਵ, ਪ੍ਰਭਜੋਤ, ਸਾਹਿਲ, ਕਮਲ, ਕਰਨ ਖੇੜੀ ,ਮਨਚੈਨ ਸਿੰਘ ਗਰੇਵਾਲ, ਨਗਿੰਦਰ ਸਿੰਘ, ਹਰਭਜਨ ਸਿੰਘ ਬਿੱਲੂ, ਮਨਜੀਤ ਸਿੰਘ ਗਰੇਵਾਲ ਲਲਤੋਂ ਖੁਰਦ ਵੀ ਸ਼ਾਮਿਲ ਸਨ।