ਰਾਏਕੋਟ 22 ਦਸੰਬਰ : ਰੰਘਰੇਟੇ ਗੁਰੂ ਕੇ ਬੇਟੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਪਿੰਡ ਬੱਸੀਆਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਦੇ ਅੱਗੇ ਨਿਰਵੈਰ ਗਤਕਾ ਪਾਰਟੀ ਬੱਸੀਆਂ ਅਤੇ ਫੌਜੀ ਬੈਡ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ। ਸੰਗਤਾਂ ਦਾ ਵਿਸ਼ਾਲ ਕਾਫਿਲਾ ਨਗਰ ਕੀਰਤਨ ਨਾਲ ਗੁਰਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ। ਨਗਰ ਕੀਰਤਨ ਦੌਰਾਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ। ਗੁਰਦੁਆਰਾ ਕਮੇਟੀ ਵੱਲੋਂ ਵਿਧਾਇਕ ਠੇਕੇਦਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦਾ ਸੰਗਤਾਂ ਵੱਲੋਂ ਪਿੰਡ ਦੇ ਵੱਖ ਵੱਖ ਪੜਾਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ। ਇੰਟਰਨੈਸ਼ਨਲ ਢਾਡੀ ਜੱਥਾ ਜਥੇਦਾਰ ਬਿੱਕਰ ਸਿੰਘ ਕੜਾਕਾ,ਢਾਡੀ ਸੁਖਰਾਜ ਸਿੰਘ ਸਿੱਧੂ ਝੋਰੜ,ਢਾਡੀ ਗੁਰਵਿੰਦਰ ਸਿੰਘ ਅਤੇ ਸਾਰੰਗੀ ਮਾਸਟਰ ਤੇਜਾ ਸਿੰਘ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਸੂਬੇਦਾਰ ਰਣਜੀਤ ਸਿੰਘ, ਪ੍ਰਧਾਨ ਅਵਤਾਰ ਸਿੰਘ ਬਿਜਲੀ ਵਾਲਾ, ਚੌਧਰੀ ਗੁਰਸੇਵਕ ਸਿੰਘ ,ਪਾਲ ਸਿੰਘ, ਰੇਸ਼ਮ ਸਿੰਘ, ਮੌਲਵੀ ਮੁਹੰਮਦ ਮੁਰਸਲੀਨ ,ਭਿੰਦਰ ਸਿੰਘ, ਗਿਆਨੀ ਨਛੱਤਰ ਸਿੰਘ, ਗਿਆਨੀ ਗੁਰਵਿੰਦਰ ਸਿੰਘ ,ਅਵਤਾਰ ਸਿੰਘ ਬੁਰਜ ਹਰੀ ਸਿੰਘ, ਗੋਰਾ ਸਿੰਘ ,ਸੋਨੀ ਮਿਸਤਰੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।