ਪੀਏਯੂ ਕਿਸਾਨ ਕਲੱਬ ਦੇ ਮਾਸਿਕ ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ 

ਲੁਧਿਆਣਾ 4 ਅਕਤੂਬਰ, 2024 : ਪੀ.ਏ.ਯੂ. ਵਿਖੇ ਕਿਸਾਨ ਕਲੱਬ ਦੇ ਮਹੀਨਾਵਾਰ ਸਿਖਲਾਈ ਕੈਂਪ ਦੌਰਾਨ ਖੇਤੀ ਮਾਹਿਰਾਂ ਨੇ ਪਰਾਲੀ ਦੀ ਸੁਚੱਜੀ ਸੰਭਾਲ ਅਤੇ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ।  ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਹੇਠ ਲਗਾਏ ਗਏ ਇਸ ਸਿਖਲਾਈ ਕੈਂਪ ਵਿੱਚ ਕੁੱਲ 95 ਕਿਸਾਨ ਮੈਂਬਰ ਸ਼ਾਮਿਲ ਹੋਏ। ਖੇਤੀ ਇੰਜੀਨੀਅਰ ਡਾ: ਜਗਰੂਪ ਕੌਰ ਸੇਖੋਂ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪਰਾਲੀ ਸਾੜਨ ਦੇ ਰੁਝਾਨ ਨੂੰ ਬੰਦ ਕਰਨ 'ਤੇ ਜ਼ੋਰ ਦਿੱਤਾ।  ਉਨ੍ਹਾਂ ਕਿਸਾਨਾਂ ਨੂੰ ਪੀਏਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਖੇਤ ਵਿਚ ਜਾਂ ਖੇਤ ਤੋਂ ਬਾਹਰ ਪਰਾਲੀ ਸੰਭਾਲਣ ਲਈ ਪ੍ਰੇਰਿਤ ਕੀਤਾ। ਜੈਨੇਟਿਕਸ ਮਾਹਿਰ ਡਾ: ਮਨਿੰਦਰ ਕੌਰ ਨੇ ਕਣਕ ਦੀ ਸਫਲ ਕਾਸ਼ਤ ਲਈ ਖੇਤੀ ਵਿਗਿਆਨਕ ਤਰੀਕਿਆਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਰਥਿਕ ਨੁਕਸਾਨ ਤੋਂ ਬਚਣ ਲਈ ਕਣਕ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਨ ਅਤੇ ਗੈਰ-ਸਿਫ਼ਾਰਸ਼ੀ ਕਿਸਮਾਂ ਦੀ ਕਾਸ਼ਤ ਤੋਂ ਬਚਿਆ ਜਾਵੇ। ਉਨ੍ਹਾਂ ਨੇ ਕਣਕ ਦੀਆਂ ਪੀ ਏ ਯੂ ਵਲੋਂ ਸਿਫਾਰਸ਼ੀ ਕਿਸਮਾਂ ਦੀ ਕਾਸ਼ਤ ਕਰਨ ਲਈ ਕਿਹਾ। ਸਬਜ਼ੀਆਂ ਮਾਹਿਰ ਡਾ: ਰੂਮਾ ਦੇਵੀ ਨੇ ਸੁਰੱਖਿਅਤ ਖੇਤੀ ਅਧੀਨ ਸਬਜ਼ੀਆਂ ਦੀ ਨੈੱਟ ਹਾਊਸ ਕਾਸ਼ਤ ਕਰਨ ਦਾ ਸੁਝਾਅ ਦਿੱਤਾ।  ਇਸ ਤੋਂ ਇਲਾਵਾ ਘਰੇਲੂ ਵਰਤੋਂ ਲਈ ਰਸੋਈ ਬਗੀਚੀ ਦੀ ਤਕਨੀਕ ਅਪਣਾਉਣ ਲਈ ਵੀ ਕਿਸਾਨਾਂ ਨੂੰ ਸੁਝਾਅ ਦਿੱਤੇ ਗਏ।  ਸਰਦ ਰੁੱਤ ਦੀਆਂ ਸਬਜ਼ੀਆਂ ਵਿਚ ਗਾਜਰ, ਮੂਲੀ, ਟਮਾਟਰ, ਬੈਂਗਣ, ਖੀਰਾ ਅਤੇ ਪਿਆਜ਼ ਦੀ ਕਾਸ਼ਤ ਦੇ ਤਰੀਕੇ ਵੀ ਉਨ੍ਹਾਂ ਸਾਂਝੇ ਕੀਤੇ। ਤੇਲ ਬੀਜ ਮਾਹਿਰ ਡਾ ਵਰਿੰਦਰ ਸਰਦਾਨਾ ਨੇ ਕਿਸਾਨਾਂ ਨੂੰ ਰਾਇਆ, ਗੋਭੀ ਸਰ੍ਹੋਂ, ਸੂਰਜਮੁਖੀ, ਆਦਿ ਦੀ ਕਾਸ਼ਤ ਰਾਹੀਂ ਖੇਤੀ ਵਿਭਿੰਨਤਾ ਨਾਲ ਜੁੜਨ ਦੀ ਅਪੀਲ ਕੀਤੀ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਕੁਲਦੀਪ ਸਿੰਘ ਨੇ ਕਲੱਬ ਮੈਂਬਰਾਂ ਨੂੰ ਜੀ ਆਇਆਂ ਕਿਹਾ। ਕਲੱਬ ਦੇ ਪ੍ਰਧਾਨ ਮਨਪ੍ਰੀਤ ਗਰੇਵਾਲ ਨੇ ਅੰਤ ਵਿਚ ਧੰਨਵਾਦ ਕੀਤਾ।  ਸੰਚਾਰ ਕੇਂਦਰ ਦੇ ਸ੍ਰੀ ਵਰਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸਮੁੱਚਾ ਸਮਾਗਮ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।