
- ਡਿਪਟੀ ਕਮਿਸ਼ਨਰ ਵੱਲੋਂ ਅੰਤਰ ਜ਼ਿਲ੍ਹਾ ਯੋਜਨਾ ਉੱਤੇ ਕੰਮ ਕਰਨ ਦਾ ਸੱਦਾ
- ਸਿੱਧਵਾਂ ਬੇਟ ਵਾਲੇ ਪਾਸੇ ਤੋਂ ਪਾਣੀ ਆਉਣ ਦੇ ਖਦਸ਼ੇ ਨੂੰ ਦੇਖਦਿਆਂ ਲੁਧਿਆਣਾ ਪ੍ਰਸ਼ਾਸ਼ਨ ਨਾਲ ਗੱਲ ਕਰਾਂਗਾ - ਸਾਗਰ ਸੇਤੀਆ
- ਬੰਨ੍ਹ ਉੱਚਾ ਕਰਵਾਉਣ ਲਈ ਕਿਹਾ ਜਾਵੇਗਾ
- ਮੋਗਾ ਦੇ ਡਿਪਟੀ ਕਮਿਸ਼ਨਰ ਵੱਲੋਂ ਅਗਾਉਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ
ਮੋਗਾ, 10 ਮਾਰਚ 2025 : ਅਗਾਮੀ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਨੂੰ ਹੜ੍ਹ ਵਰਗੀ ਸਥਿਤੀ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹੁਣ ਤੋਂ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਪ੍ਰਭਾਵਿਤ ਹੋਣ ਵਾਲੇ ਸੰਭਾਵੀ ਖੇਤਰਾਂ, ਖਾਸ ਕਰਕੇ ਮੋਗਾ ਸ਼ਹਿਰ, ਨੂੰ ਹੜ੍ਹ ਤੋਂ ਬਚਾਉਣ ਲਈ ਅੰਤਰ ਜ਼ਿਲ੍ਹਾ ਯੋਜਨਾ ਤਿਆਰ ਕੀਤੀ ਜਾਵੇਗੀ। ਜਿਸ ਤਹਿਤ ਸਿੱਧਵਾਂ ਬੇਟ (ਜ਼ਿਲ੍ਹਾ ਲੁਧਿਆਣਾ) ਇਲਾਕੇ ਤੋਂ ਆਉਣ ਵਾਲੇ ਪਾਣੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਨਾਲ ਰਾਬਤਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਵਿਚ ਮੌਨਸੂਨ ਮੱਧ ਜੂਨ ਮਹੀਨੇ ਤੋਂ ਬਾਅਦ ਆਉਣ ਦਾ ਅਨੁਮਾਨ ਹੁੰਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਸਬੰਧਤ ਵਿਭਾਗਾਂ ਨੂੰ ਹੁਣੇ ਤੋਂ ਹੀ ਬਚਾਅ ਕਾਰਜ ਆਰੰਭਣ ਬਾਰੇ ਕਿਹਾ ਗਿਆ ਹੈ। ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਜ਼ਿਲ੍ਹਾ ਮੋਗਾ ਅਧੀਨ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਸੰਘੇੜਾ, ਭੈਣੀ, ਬੀੜ ਸਰਕਾਰ, ਸੈਦ ਜਲਾਲਪੁਰ, ਮੰਝਾਲੀ, ਆਦਰਾਮਾਨ, ਬਾਸੀਆਂ, ਗੱਟੀ ਜੱਟਾਂ, ਕੰਨੀਆਂ ਕਲਾਂ ਅਤੇ ਪਿੰਡ ਬਹਾਦਰ ਨਾਲ ਲੱਗਦੇ ਸਤਲੁਜ ਦਰਿਆ ਦਾ ਮੌਕਾ ਦੇਖਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਕੁਝ ਏਰੀਏ ਤੱਕ ਬੰਧ ਦੇਖਿਆ ਗਿਆ ਅਤੇ ਪਾਇਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਬੰਨ੍ਹ ਦਾ ਰਕਬਾ ਨੀਵਾਂ ਹੈ। ਜਿਸ ਸਬੰਧੀ ਡਿਪਟੀ ਕਮਿਸ਼ਨਰ, ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਇਸ ਸਬੰਧੀ ਲੁਧਿਆਣਾ ਪ੍ਰਸ਼ਾਸ਼ਨ ਨਾਲ ਗੱਲ ਕਰਨ ਬਾਰੇ ਕਿਹਾ ਗਿਆ ਤਾਂ ਕਿ ਇਹ ਬੰਨ੍ਹ ਫਲੱਡ ਸੀਜਨ ਤੋਂ ਪਹਿਲਾਂ ਉੱਚਾ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਨਾਲ ਲੱਗਦੇ ਜ਼ਿਲ੍ਹਾ ਜਲੰਧਰ ਨਾਲ ਵੀ ਦਰਿਆ ਦਾ ਰਾਸਤਾ ਪੱਧਰਾ ਰੱਖਣ ਲਈ ਵੀ ਰਾਬਤਾ ਕਾਇਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਸਤਲੁਜ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਨਾਲ ਇਸ ਇਲਾਕੇ ਵਿਚ ਹੜ੍ਹ ਦਾ ਖਤਰਾ ਬਿਲਕੁਲ ਹੀ ਖਤਮ ਹੋ ਜਾਵੇਗਾ। ਪਰ ਦੇਖਣ ਵਿਚ ਆਇਆ ਹੈ ਕਿ ਸਿੱਧਵਾਂ ਬੇਟ (ਜ਼ਿਲ੍ਹਾ ਲੁਧਿਆਣਾ) ਵਾਲੇ ਪਾਸੇ ਤੋਂ ਆਉਣ ਵਾਲੇ ਦਰਿਆ ਦੇ ਬੰਨ੍ਹ ਨੀਵੇਂ ਹਨ। ਜਿਸ ਨੂੰ ਤੁਰੰਤ ਉੱਚਾ ਕਰਨ ਦੀ ਲੋੜ੍ਹ ਹੈ। ਜੇਕਰ ਇਹ ਬੰਨ੍ਹ ਟੁੱਟਦੇ ਹਨ ਤਾਂ ਇਸ ਦਾ ਪਾਣੀ ਮੋਗਾ ਸ਼ਹਿਰ ਤੱਕ ਮਾਰ ਕਰ ਸਕਦਾ ਹੈ। ਇਸ ਕਰਕੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਨਾਲ ਲਗਾਤਾਰ ਰਾਬਤਾ ਰੱਖਿਆ ਜਾਣਾ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਪਿੰਡ ਕਮਾਲਕੇ ਅਤੇ ਸ਼ੇਰਪੁਰ ਤਾਇਬਾ ਵਿਚਕਾਰ ਪੈਂਦੇ ਐਲ 5 ਬੰਨ੍ਹ ਅਤੇ ਪਿੰਡ ਭੈਣੀ ਅਤੇ ਸੰਘੇੜਾ ਦਰਮਿਆਨ ਪੈਂਦੇ ਗਿੱਦੜਪਿੰਡੀ ਬੰਨ੍ਹ ਦਾ ਨਿਰਮਾਣ ਕਰਵਾਇਆ ਗਿਆ ਹੈ। ਜ਼ਿਲ੍ਹੇ ਵਿੱਚੋਂ ਲੰਘਦੀਆਂ 5 ਡਰੇਨਾਂ ਦੀ ਸਫ਼ਾਈ ਦਾ ਕੰਮ ਪਿਛਲੇ ਸਾਲ ਵੀ ਕਰਵਾਇਆ ਗਿਆ ਸੀ। ਇਸ ਸਾਲ ਵੀ ਕਰੀਬ 8 ਡਰੇਨਾਂ ਦੀ ਸਫ਼ਾਈ ਕਰਵਾਉਣ ਬਾਰੇ ਡਰੇਨੇਜ਼ ਵਿਭਾਗ ਨੂੰ ਲਿਖਿਆ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਮੌਨਸੂਨ ਸੀਜ਼ਨਾਂ ਦੌਰਾਨ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਸਤਲੁਜ ਦਰਿਆ ਵਿੱਚ 3 ਲੱਖ ਕਿਊਸਕ ਪਾਣੀ ਚੱਲਿਆ ਸੀ। ਇਸ ਵਾਰ ਇਸ ਤੋਂ ਵੀ ਜਿਆਦਾ ਪਾਣੀ ਨੂੰ ਕਾਬੂ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਮੋਗਾ ਦੇ ਅਧਿਕਾਰੀਆਂ ਨੂੰ ਲਗਾਤਾਰ ਧੁੱਸੀ ਬੰਨ੍ਹ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਤਾਂ ਜੋ ਬਰਸਾਤੀ ਸੀਜਨ ਦੌਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।ਉਹਨਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਹਦਾਇਤ ਕੀਤੀ ਕਿ ਸਤਲੁਜ ਦੇ ਕਿਨਾਰਿਆਂ ਦੇ ਨਾਲ ਨਾਲ ਮਗਨਰੇਗਾ ਯੋਜਨਾ ਤਹਿਤ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਦਰਿਆ ਦੇ ਨਾਲ ਲੱਗਦੇ ਬੰਨ੍ਹਾਂ ਉੱਤੇ ਪਏ ਖੱਡਿਆਂ ਨੂੰ ਭਰਵਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਚਾਰੂਮਿਤਾ, ਧਰਮਕੋਟ ਦੇ ਐੱਸ ਡੀ ਐਮ ਸ਼੍ਰੀ ਹਿਮਾਂਸ਼ੂ ਗੁਪਤਾ, ਡਰੇਨੇਜ ਵਿਭਾਗ ਦੇ ਐਕਸੀਅਨ ਸ਼੍ਰੀ ਗਿਤੇਸ਼ ਉਪਵੇਜਾ ਅਤੇ ਹੋਰ ਅਧਿਕਾਰੀ ਵੀ ਨਾਲ ਸਨ।