ਮਨਰੇਗਾ ਕਾਮਿਆਂ ਨੂੰ ਲਗਾਤਾਰ ਮਿਲੇਗਾ ਕੰਮ : ਡਾ. ਬਲਬੀਰ ਸਿੰਘ

  • ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਨਣ ਦੀ ਸੱਦਾ
  • ‘ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ’ ਪ੍ਰੋਗਰਾਮ ਨੇ ਹਰੇਕ ਪਿੰਡ ਵਾਸੀ ਤੱਕ ਪਹੁੰਚ ਬਣਾਈ

ਪਟਿਆਲਾ, 22 ਸਤੰਬਰ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਦੂਸਰੇ ਦਿਨ ਪਟਿਆਲਾ ਦਿਹਾਤੀ ਦੇ ਪਿੰਡਾਂ ਵਿੱਚ ਰਹੇ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਕੇ ਮੌਕੇ ‘ਤੇ ਹੀ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਹਰੇਕ ਕੰਮ ਦੀ ਸਮਾਂ ਸੀਮਾ ਨਿਰਧਾਰਤ ਕੀਤੀ। ‘ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ’ ਪ੍ਰੋਗਰਾਮ ਤਹਿਤ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਪਟਿਆਲਾ ਅਰਵਿੰਦ ਕੁਮਾਰ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਪਿੰਡਾਂ ਨੂੰ ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਜਿਥੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਵਧੇਗੀ, ਉਥੇ ਹੀ ਧੜੇਬੰਦੀ ਖਤਮ ਹੋਵੇਗੀ ਤੇ ਪਿੰਡ ਤੇਜ਼ੀ ਨਾਲ ਵਿਕਾਸ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜਾ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰੇਗਾ, ਉਸ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਗਰਾਂਟ ਤੋਂ ਇਲਾਵਾ ਸਟੇਡੀਅਮ ਜਾਂ ਸਕੂਲ ਜਾਂ ਹਸਪਤਾਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਟਿਆਲਾ ਦਿਹਾਤੀ ਹਲਕੇ ਦੇ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਬਣਾਉਣਗੇ ਉਨ੍ਹਾਂ ਨੂੰ ਉਹ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਹੋਰ ਦੇਣਗੇ, ਇਹ 10 ਲੱਖ ਰੁਪਏ ਪਿੰਡਾਂ ਦੇ ਵਿਕਾਸ ‘ਤੇ ਲੱਗ ਸਕਣਗੇ। ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਮੰਡੌੜ, ਹਿਰਦਾਪੁਰ, ਬਖ਼ਸ਼ੀਵਾਲਾ, ਸਿੱਧੂਵਾਲ, ਜੱਸੋਵਾਲ, ਸਿਊਣਾ, ਲੰਗ ਤੇ ਚਲੈਲਾ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਦੇ ਤਕਰੀਬਨ ਹਰੇਕ ਪਿੰਡ ਵਿੱਚ ਵਿਕਾਸ ਕਾਰਜ ਜਾਰੀ ਹਨ ਤੇ ਇਹ ਕੰਮ ਲਗਾਤਾਰ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਨੂੰ ਕੂੜਾ ਮੁਕਤ ਕਰਨ ਲਈ ਇਥੇ ਠੋਸ ਤੇ ਤਰਲ ਕੂੜਾ ਪ੍ਰਬੰਧਨ ਲਈ ਛੋਟੇ ਛੋਟੇ ਪਲਾਟ ਲਗਾਏ ਜਾ ਰਹੇ ਹਨ। ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਪਿੰਡ ਹਿਰਦਾਪੁਰ ਵਿਖੇ ਕੰਮ ਕਰਦੇ ਮਨਰੇਗਾ ਕਾਮਿਆਂ ਕੋਲ ਰੁੱਕੇ ਅਤੇ ਉਨ੍ਹਾਂ ਭੁੰਜੇ ਬੈਠਕੇ ਮਨਰੇਗਾ ਕਾਮਿਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਅਧਿਕਾਰੀਆਂ ਨੂੰ ਮਨਰੇਗਾ ਕਾਮਿਆਂ ਨੂੰ ਲਗਾਤਾਰ ਕੰਮ ਦੇਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪਿੰਡ ਹਿਰਦਾਪੁਰ ‘ਚੋਂ ਲੰਘਦੇ ਰਜਵਾਹੇ ਦੇ ਨਾਲ ਨਾਲ ਬੂਟੇ ਲਗਾਏ ਜਾਣ, ਜਿਥੇ ਮਨਰੇਗਾ ਕਾਮਿਆਂ ਨੂੰ ਸਾਲ ਭਰ ਕੰਮ ਮਿਲਦਾ ਰਹੇਗਾ। ਉਨ੍ਹਾਂ ਕਿਹਾ ਜਿਹੜੇ ਪਿੰਡਾਂ ਵਿੱਚ ਮਨਰੇਗਾ ਦਾ ਕੰਮ ਘੱਟ ਹੈ, ਉਥੇ ਰਜਵਾਹਿਆਂ ਜਾ ਸੜਕਾਂ ‘ਤੇ ਬੂਟੇ ਲਗਾਉਣ ਸਮੇਤ ਹੋਰ ਸਾਧਨ ਰਾਹੀਂ ਕੰਮ ਪੈਦਾ ਕੀਤਾ ਜਾ ਸਕਦਾ ਹੈ। ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਕਰਨਲ ਜੇ.ਵੀ. ਸਿੰਘ, ਚੇਅਰਮੈਨ ਪ੍ਰਿੰਸੀਪਲ ਜੇ.ਪੀ. ਸਿੰਘ, ਬੀ.ਡੀ.ਪੀ.ਓ. ਬਲਜੀਤ ਸਿੰਘ ਸੋਹੀ, ਜੈ ਸ਼ੰਕਰ ਸ਼ਰਮਾ, ਹਰਪਾਲ ਸਿੰਘ ਵਿਰਕ, ਸਤਗੁਰ ਸਿੰਘ, ਡੀ.ਸੀ. ਖਰੌਡ, ਡਾ. ਹੇਮ ਰਾਜ, ਸੰਦੀਪ ਬਹਿਲ ਅਤੇ ਪਤਵੰਤੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਪਿੰਡਾਂ ਦੇ ਵਸਨੀਕ ਮੌਜੂਦ ਸਨ।