ਪਟਿਆਲਾ : 'ਖੇਡਾਂ ਵਤਨ ਪੰਜਾਬ ਦੀਆਂ' ਦੇ ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਕਬੱਡੀ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ ਉਤੇ ਖੇਡ ਮੈਦਾਨ ਵਿੱਚ ਪੁੱਜੇ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਵੀ ਮੌਜੂਦ ਸਨ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਹਲਕਾ ਘਨੌਰ ਤੋਂ ਵਿਧਾਇਕ ਤੇ ਕਬੱਡੀ ਦੇ ਕੌਮਾਂਤਰੀ ਖਿਡਾਰੀ ਗੁਰਲਾਲ ਘਨੌਰ ਵੱਲੋਂ ਨਿੱਜੀ ਦਿਲਚਸਪੀ ਲੈਕੇ ਖੇਡਾਂ ਨੂੰ ਸਫਲ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਲਾਲ ਘਨੌਰ ਖਿਡਾਰੀਆਂ ਦੇ ਹੁਨਰ ਨੂੰ ਮੌਕਾ ਪ੍ਰਦਾਨ ਕਰਨ ਲਈ ਤੇ ਸੂਬੇ ਵਿੱਚ ਖੇਡ ਸਭਿਆਚਾਰ ਪ੍ਰਫਲਿਤ ਕਰਨ ਲਈ ਮੋਹਰਲੀ ਕਤਾਰ ਵਿੱਚ ਹੋਕੇ ਕੰਮ ਕਰ ਰਹੇ ਹਨ।ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਖਿਡਾਰੀਆਂ ਨੂੰ ਦਿੱਤੀ ਗਈ ਹੱਲਾਸ਼ੇਰੀ ਉਨ੍ਹਾਂ ਵਿੱਚ ਨਵਾਂ ਜੋਸ਼ ਪੈਦਾ ਕਰਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੰਚ ਪ੍ਰਦਾਨ ਕੀਤਾ ਗਿਆ ਹੈ ਜਿਸ ਦਾ ਖਿਡਾਰੀਆਂ ਵੱਲੋਂ ਪੂਰਾ ਲਾਹਾ ਲਿਆ ਜਾ ਰਿਹਾ ਹੈ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮੈਦਾਨ ਵਿਚੋਂ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਨਾਮਣਾ ਖੱਟਣ ਵਾਲੇ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਵੀ ਵੱਡੀ ਗਿਣਤੀ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸੂਬਾ ਪੱਧਰੀ ਖੇਡਾਂ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਕਰੇਗੀ।