ਬਠਿੰਡਾ, 20 ਫਰਵਰੀ : ਬਠਿੰਡਾ ਦੇ ਸਰਕਟ ਹਾਊਸ ਦੇ ਨੇੜੇ 4 ਲੱਖ ਰੁਪਏ ਦੀ ਰਿਸ਼ਵਤ ਨਾਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਠਿੰਡਾ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਕਰੀਬੀ ਰਿਸ਼ਮ ਗਰਗ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਦੀ ਸੁਣਵਾਈ ਦੌਰਾਨ ਉਹਨਾਂ ਨੂੰ ਮੁੜ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਰਿਸ਼ਮ ਗਰਗ ਦਾ 17 ਫਰਵਰੀ ਨੂੰ 20 ਫਰਵਰੀ ਤੱਕ ਦਾ ਰਿਮਾਂਡ ਦਿੱਤਾ ਗਿਆ ਸੀ। ਅੱਜ ਰਿਮਾਂਡ ਖ਼ਤਮ ਹੋਣ ਤੇ ਮੁੜ 4 ਨੰਬਰ ਕੋਰਟ ਵਿਚ ਐਡੀਸ਼ਨਲ ਸੈਸ਼ਨ ਜੱਜ ਮੈਡਮ ਦਲਜੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਮਾਣਯੋਗ ਅਦਾਲਤ ਨੇ ਉਹਨਾਂ ਨੂੰ ਮੁੜ ਦੋ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। ਬਚਾਅ ਪੱਖ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਰਿਸ਼ਮ ਗਰਗ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅਦਾਲਤ ਵਿਚ ਦੱਸਿਆ ਗਿਆ ਕਿ ਰਿਮਾਂਡ ਦੌਰਾਨ ਇਕ ਲੱਖ 31 ਹਜ਼ਾਰ ਰੁਪਏ ਵਿਜੀਲੈਂਸ ਵੱਲੋਂ ਰਿਸ਼ਵ ਗਰਗ ਦੇ ਘਰੋਂ ਬਰਾਮਦ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਦਫ਼ਾ 27 ਅਧੀਨ ਬਿਆਨ ਦੇ ਕੇ ਅੱਜ ਅਦਾਲਤ ਵਿੱਚ ਰਿਸ਼ਮ ਗਰਗ ਨੂੰ ਪੇਸ਼ ਕੀਤਾ ਗਿਆ, ਜਿਸ ’ਤੇ ਅਦਾਲਤ ਵੱਲੋਂ ਰਿਸ਼ਮ ਗਰਗ ਨੂੰ 23 ਫਰਵਰੀ ਤੱਕ ਰਿਮਾਂਡ ਤੇ ਭੇਜ ਦਿੱਤਾ ਹੈ। ਵਿਜੀਲੈਂਸ ਅਧਿਕਾਰੀ ਕਲਵੰਤ ਸਿੰਘ ਦਾ ਕਹਿਣਾ ਹੈ ਕਿ ਅੱਜ ਮੁੜ ਤੋਂ ਰਿਸ਼ਵ ਗਰਗ ਨੂੰ ਅਦਾਲਤ ਵੱਲੋਂ 23 ਫਰਵਰੀ ਤੱਕ ਰਿਮਾਂਡ ਤੇ ਭੇਜਿਆ ਗਿਆ ਹੈ ਹੁਣ ਤੱਕ ਰਿਸ਼ਮ ਗਰਗ ਦੇ ਘਰ ਤੋਂ 1 ਲੱਖ 36 ਹਜ਼ਾਰ ਰੁਪਏ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ ਅਤੇ ਵਿਧਾਇਕ ਅਮਿਤ ਰਤਨ ਦੀ ਭੂਮਿਕਾ ਸਬੰਧੀ ਉਨ੍ਹਾਂ ਕਿਹਾ ਹਾਲੇ ਜਾਂਚ ਚੱਲ ਰਹੀ ਇਸ ਨੂੰ ਜਨਤਕ ਨਹੀਂ ਕਰ ਸਕਦੇ। ਰਿਸ਼ਮ ਗਰਗ ਨੂੰ 16 ਫਰਵਰੀ ਦੇਰ ਸ਼ਾਮ ਨੂੰ ਸਰਕਟ ਹਾਊਸ ਬਠਿੰਡਾ ਵਿੱਚ ਪਿੰਡ ਘੁੱਦਾ ਦੇ ਸਰਪੰਚ ਸੀਮਾ ਰਾਣੀ ਦੇ ਪਤੀ ਤੋਂ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ।