ਸੁਨਾਮ, 23 ਦਸੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਸੂਚਨਾ ਤੇ ਲੋਕ ਸੰਪਰਕ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ’ਚ ਕੂੜੇ ਦੀ ਸਹੀ ਵਿਵਸਥਾ ਲਈ 1.38 ਕਰੋੜ ਰੁਪਏ ਦੀਆਂ ਅਤਿ ਆਧੁਨਿਕ ਮਸ਼ੀਨਾਂ ਦੀ ਖਰੀਦ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰਵਾਨਗੀ ਪੱਤਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੌਂਪਿਆ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ’ਚੋਂ ਅਤਿ ਆਧੁਨਿਕ ਮਸ਼ੀਨਰੀ ਰਾਹੀਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਠਾ ਕੀਤਾ ਜਾਵੇਗਾ ਤਾਂ ਜੋ ਡੰਪਾਂ ਤੋਂ ਆਉਣ ਵਾਲੀ ਬਦਬੂ ਅਤੇ ਬਿਮਾਰੀਆਂ ਲੱਗਣ ਦੇ ਖ਼ਤਰੇ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ 30 ਲੱਖ ਰੁਪਏ ਦੀ ਟ੍ਰੋਮਲ ਮਸ਼ੀਨ, 26 ਲੱਖ ਦੀ ਡਿੱਚ ਮਸ਼ੀਨ, 30 ਲੱਖ ਦੀ ਲਾਗਤ ਨਾਲ ਤਿੰਨ ਹਾਈਡ੍ਰੋਲਿਕ ਟਰਾਲੀਆਂ ਆਦਿ ਜਿਹੀ ਅਤਿ ਆਧੁਨਿਕ ਸਫਾਈ ਮਸ਼ੀਨਾਂ ਖਰੀਦੀਆਂ ਜਾਣਗੀਆਂ ਤਾਂ ਜੋ ਭਵਿੱਖ ਵਿੱਚ ਕੂੜੇ ਦਾ ਉਚਿਤ ਪ੍ਰਬੰਧਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਖੇਤਰ ’ਚ ਮਿਆਰੀ ਤੇ ਸ਼ਾਨਦਾਰ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਲਈ ਵੱਡੇ ਪੱਧਰ ’ਤੇ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਰਿਕਸ਼ਾ ਰੇਹੜੀਆਂ ਅਤੇ ਹੋਰ ਸਾਧਨਾਂ ਦੀ ਖਰੀਦ ਕੀਤੀ ਜਾਵੇਗੀ ਜਿਨ੍ਹਾਂ ’ਚ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਲਈ ਵੱਖੋ-ਵੱਖਰੀ ਥਾਂ ਦੇ ਨਾਲ-ਨਾਲ ਸੈਨੇਟਰੀ ਵੇਸਟ ਅਤੇ ਘਰਾਂ ’ਚੋਂ ਨਿਕਲਣ ਵਾਲੇ ਹੋਰ ਕੂੜੇ ਨੂੰ ਇਕੱਠਾ ਕਰਨ ਲਈ ਵਿਸ਼ੇਸ਼ ਜਗ੍ਹਾ ਬਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਇਸ ਤਹਿਤ ਸ਼ਹਿਰ ’ਚੋਂ ਕੂੜੇ ਦੇ ਢੇਰਾਂ ਨੂੰ ਖ਼ਤਮ ਕਰਨ ਇੱਕ ਅਜਿਹੀ ਮਸ਼ੀਨ ਦੀ ਖਰੀਦ ਕੀਤੀ ਜਾਵੇਗੀ ਜਿਸ ਦੀ ਮਦਦ ਨਾਲ ਖਾਦ ਅਤੇ ਪਲਾਸਟਿਕ ਜਾਂ ਕੱਚ ਵਰਗੀਆਂ ਵਸਤੂਆਂ ਨੂੰ ਵੱਖਰਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਕੂੜੇ ’ਚੋਂ ਖਾਦ ਕੱਢ ਕੇ ਵੇਚੀ ਜਾ ਸਕੇਗੀ ਉੱਥੇ ਹੀ ਪਲਾਸਟਿਕ ਨੂੰ ਮੁੜ ਵਰਤਣਯੋਗ ਬਣਾਉਣ ਲਈ ਸਬੰਧਤ ਉਦਯੋਗਾਂ ’ਚ ਭੇਜਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਸ ਪ੍ਰੋਜੈਕਟ ਤਹਿਤ ਟ੍ਰੈਕਟਰ-ਟ੍ਰਾਲੀਆਂ, ਡਿੱਚ ਮਸ਼ੀਨਾਂ ਅਤੇ ਹੋਰ ਲੋੜੀਂਦੀ ਮਸ਼ੀਨਰੀ ਵੀ ਖ਼ਰੀਦੀ ਜਾਵੇਗੀ ਤਾਂ ਜੋ ਰੋਜ਼ਾਨਾ ਇਕੱਠੇ ਕੀਤੇ ਜਾਣ ਵਾਲੇ ਕੂੜੇ ਨੂੰ ਨਿਯਮਤ ਤੌਰ ’ਤੇ ਸੰਭਾਲਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਸ਼ੀਨਰੀ ਦੀ ਖਰੀਦ ਪ੍ਰਕ੍ਰਿਆ ਦਾ ਸਮੁੱਚਾ ਅਮਲ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸੁਨਾਮ ਜਸਪ੍ਰੀਤ ਸਿੰਘ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ ਹਾਜ਼ਰ ਸਨ।