ਮਾਲੇਰਕੋਟਲਾ ‘ਚ NHAI ਦੇ ਪ੍ਰੋਜੈਕਟ ਲਈ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਕਿਸਾਨਾਂ ‘ਤੇ ਪੁਲਿਸ ਦੀ ਹੋਈ ਝੜਪ 

ਮਾਲੇਰਕੋਟਲਾ, 28 ਅਗਸਤ 2024 : ਮਾਲੇਰਕੋਟਲਾ ‘ਚ NHAI ਦੇ ਪ੍ਰੋਜੈਕਟ ਲਈ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤ ਮਾਲਾ ਪ੍ਰੋਜੈਕੇਟ ਦੇ ਤਹਿਤ ਹਾਈਵੇ ਬਣਾਉਣ ਲਈ ਜ਼ਮੀਨ ਐਕੁਆਇਰ ਆਈ ਟੀਮ ਜੋ ਪੁਲਿਸ ਸਮੇਤ ਪਹੁੰਚੀ ਸੀ, ਉਸਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਹੈ। ਇਸੇ ਵਿਰੋਧ ਦੌਰਾਨ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ। ਪ੍ਰਸਾਸ਼ਨ ਵਲੋਂ ਰਾਹ ‘ਚ ਟਿੱਪਰ ਲਗਾ ਕੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਸੀ ਜਿਸਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ ਹੈ। ਪੁਲਿਸ ਵੱਲੋ ਕਿਸਾਨਾਂ ਨੂੰ ਰੋਕਣ ਲਈ ਲਗਾਏ ਬੈਰੀਕੇਡ ਕਿਸਾਨਾਂ ਨੇ ਪੁੱਟ ਕੇ ਸੁੱਟ ਦਿੱਤੇ ਗਏ। ਜਿਸਤੋ ਬਾਅਦ ਕਿਸਾਨਾਂ ਦਾ ਪੁਲਿਸ ਨਾਲ ਸਿੱਧਾ ਟਾਕਰਾ ਹੋਇਆ। ਭਾਰਤੀ ਕਿਸਾਨ ਯੂਨੀਅਨ ਵਲੋਂ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਮੀਨ ਦਾ ਉਚਿਤ ਮੁਆਵਜਾ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਧੱਕੇ ਨਾਲ ਜਮੀਨਾਂ ਖੋਹ ਰਹੀ ਹੈ। ਇਸ ਪ੍ਰਦਰਸ਼ਨ ‘ਚ ਸੈਕੜਿਆਂ ਦੀ ਗਿਣਤੀ ‘ਚ ਕਿਸਾਨ ਪਹੁੰਚੇ ਹੋਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਪ੍ਰੋਜੈਕਟ ਰਾਹੀਂ ਜ਼ਮੀਨ ਐਕੁਆਇਰ ਕਰਨ ਦੇ ਸਿਸਟਮ ‘ਚ ਖਾਮੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ, ਜ਼ਮੀਨ ਦੇ ਮੌਜੂਦਾ ਮਾਲਕਾ ਦੀ ਬਜਾਏ ਪੁਰਾਣੇ ਮਾਲਕਾਂ ਦੇ ਖਾਤਿਆਂ ‘ਚ ਮੁਆਵਜਾ ਦਿੱਤਾ ਜਾ ਰਿਹਾ ਹੈ। ਦਰਅਸਲ NHAI ਨੇ ਪ੍ਰੋਜੈਕਟ ਲਈ ਜ਼ਮੀਨ ‘ਤੇ ਕਬਜ਼ਾ ਲੈ ਲਿਆ ਗਿਆ ਸੀ ਤੇ ਕਿਸਾਨਾਂ ਵਲੋਂ ਇਸ ਕਬਜ਼ੇ ਨੂੰ ਨਾਵਾਜਬ ਦੱਸਦਿਆਂ ਦੋਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਦੇ ਚਲਦਿਆਂ ਪੁਲਿਸ ਅਤੇ ਕਿਸਾਨਾਂ ਦਰਮਿਆਨ ਇਹ ਸੰਘਰਸ਼ ਸਾਹਮਣੇ ਆਇਆ ਹੈ।