ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਰਾਏਕੋਟ ’ਚ ਭਾਰਤੀ ਡਾਕ ਵਿਭਾਗ ਦੀਆਂ ਸੇਵਾਵਾਂ ਦਾ ਮੰਦਾ ਹਾਲ ਹੈ, ਹਾਲਤ ਇਹ ਹੈ ਕਿ ਵਿਭਾਗ ਡਾਕਖਾਨੇ ਵਿੱਚ ਸਮੇਂ ਸਿਰ ਪੁੱਜ ਚੁੱਕੀ ਡਾਕ ਨੂੰ ਸਬੰਧਤ ਵਿਅਕਤੀਆਂ ਤੱਕ ਪਹੁੰਚਾਉਣ ਦੀ ਬਜਾਏ ਕੇਵਲ ਡਿਲਵਿਰੀ ਦੇ ਸੰਦੇਸ਼ ਭੇਜ ਕੇ ਹੀ ਬੁੱਤਾ ਸਾਰ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਵਿਅਕਤੀ ਜ਼ਰੂਰੀ ਡਾਕ ਮਿਲਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਡਾਕ ਵਿਭਾਗ ਰਾਏਕੋਟ ਵਲੋਂ ਡਾਕਖਾਨੇ ਵਿੱਚ ਪੁੱਜੀ ਡਾਕ ਨੂੰ ਸਬੰਧਤ ਕੁਝ ਵਿਅਕਤੀਆਂ ਤੱਕ ਪਹੁੰਚਾਉਣ ਦੀ ਬਜਾਏ ਕੇਵਲ ਫੋਨ ’ਤੇ ਡਿਲਵਿਰੀ ਦੇ ਸੰਦੇਸ਼ ਭੇਜ ਦਿੱਤੇ ਗਏ। ਡਿਲਵਿਰੀ ਸੰਦੇਸ਼ ਮਿਲਣ ਤੋਂ ਬਾਅਦ ਵੀ ਸਬੰਧਤ ਪੱਤਰ ਜਾਂ ਦਸਤਾਵੇਜ ਨਾਂ ਮਿਲਣ ਕਾਰਨ, ਅੱਜ ਜਦ ਡਾਕਖਾਨੇ ਵਿੱਚ ਜਾ ਕੇ ਪੁੱਛਗਿੱਛ ਕੀਤੀ ਗਈ ਤਾਂ ਇਹ ਡਾਕ ਉੱਥੇ ਹੀ ਪਈ ਹੋਈ ਮਿਲੀ। ਇਸ ਸਬੰਧੀ ਜਦ ਪੋਸਟ ਮਾਸਟਰ ਨੂੰ ਪੁੱਛਣਾ ਚਾਹਿਆਂ ਤਾਂ ਉਨ੍ਹਾਂ ਦੀ ਗੈਰ ਮੌਜ਼ੂਦਗੀ ’ਚ ਡਾਕਖਾਨੇ ਦੀ ਇੱਕ ਮਹਿਲਾ ਕਰਮਚਾਰੀ ਨੇ ਦੱਸਿਆ ਕਿ ਡਾਕ ਕਰਮਚਾਰੀ ਦੇ ਛੁੱਟੀ ’ਤੇ ਗਏ ਹੋਣ ਕਾਰਨ ਡਾਕ ਨਹੀ ਭੇਜੀ ਜਾ ਸਕੀ, ਪ੍ਰੰਤੂ ਰਿਕਾਰਡ ਸਹੀ ਦਰਸ਼ਾਉਣ ਲਈ ਸਾਨੂੰ ਡਿਲਵਿਰੀ ਦੇ ਸੰਦੇਸ਼ ਭੇਜਣੇ ਪਏ। ਉਨ੍ਹਾਂ ਕਿਹਾ ਕਿ ਡਾਕਖਾਨੇ ਵਿੱਚ ਸਟਾਫ ਦੀ ਕਮੀ ਹੋਣ ਕਾਰਨ ਸਾਨੂੰ ਇਹ ਸਮੱਸਿਆ ਆ ਰਹੀ ਹੈ।