ਪੰਜਾਬ ਵਿੱਚ ਆਉਂਦੇ 2 ਦਿਨਾਂ ਦੇ ਅੰਦਰ ਹਲਕੀ ਬਾਰਿਸ਼ ਹੋ ਸਕਦੀ ਹੈ : ਮੌਸਮ ਵਿਭਾਗ

ਲੁਧਿਆਣਾ, 03 ਅਪ੍ਰੈਲ : ਪੰਜਾਬ ਦੇ ਵਿੱਚ ਮੌਸਮ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ, ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਵਿੱਚ ਆਉਂਦੇ 2 ਦਿਨਾਂ ਦੇ ਅੰਦਰ ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਇਹ ਮੀਂਹ ਕੁਝ ਹੀ ਹਿੱਸਿਆਂ ਵਿੱਚ ਹੋਵੇਗਾ। ਉੱਥੇ ਹੀ ਦੂਜੇ ਪਾਸੇ ਜੇਕਰ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਵੱਧ ਤੋਂ ਵੱਧ ਪਾਰਾ 29 ਡਿਗਰੀ ਚੱਲ ਰਿਹਾ ਹੈ ਅਤੇ ਘਟ ਤੋਂ ਘਟ ਪਾਰਾ 14 ਡਿਗਰੀ ਦੇ ਕਰੀਬ ਹੈ। ਜਿਹੜਾ ਕੇ ਆਮ ਨਾਲੋਂ ਕੁੱਝ ਘਟ ਹੈ, ਪਰ ਆਉਂਦੇ ਦਿਨਾਂ ਵਿੱਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਮ ਤੌਰ ਉੱਤੇ ਇਨ੍ਹਾਂ ਦਿਨਾਂ ਵਿੱਚ ਦਿਨ ਦਾ ਵਧ ਤੋਂ ਵੱਧ ਪਾਰਾ ਲਗਭਗ 31 ਡਿਗਰੀ ਦੇ ਨੇੜੇ ਰਹਿੰਦਾ ਹੈ ਜਦੋਂ ਕਿ ਘਟ ਤੋਂ ਘਟ ਪਾਰਾ 15 ਡਿਗਰੀ ਤੱਕ ਰਹਿੰਦਾ ਹੈ। ਮੌਜੂਦਾ ਤਾਪਮਾਨ ਵੀ ਇਸ ਦੇ ਨੇੜੇ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਸਮ ਆਮ ਹੈ ਹਾਲਾਂਕਿ ਬੀਤੇ ਕੁਝ ਦਿਨਾਂ ਪਹਿਲਾਂ ਮੌਸਮ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲੀਆਂ। ਉਹਨਾਂ ਕਿਹਾ ਕਿ ਤੇਜ਼ ਹਵਾਵਾਂ ਵੀ ਚੱਲੀਆਂ ਸਨ ਅਤੇ ਕਾਫੀ ਜਗ੍ਹਾ ਉੱਤੇ ਮੀਂਹ ਵੀ ਪਿਆ ਸੀ, ਪਰ ਹੁਣ ਫਿਲਹਾਲ ਮੌਸਮ ਆਮ ਰਹੇਗਾ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬੱਦਲਵਾਈ ਦੇ ਨਾਲ ਕਿਤੇ ਕਿਤੇ ਬਾਰਿਸ਼ ਪੈ ਸਕਦੀ ਹੈ। ਜ਼ਿਆਦਾਤਰ ਸ੍ਰੀ ਮੁਕਤਸਰ ਸਾਹਿਬ ਵਾਲੇ ਇਲਾਕੇ ਦੇ ਵਿੱਚ ਬਰਸਾਤ ਪੈਣ ਦੀ ਉਹਨਾਂ ਕਿਹਾ ਕਿ ਸੰਭਾਵਨਾ ਹੈ।