ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆ ਪੁਲਿਸ ਵੱਲੋਂ ਚਲਾਇਆ ਸਰਚ ਅਭਿਆਨ

ਮੁੱਲਾਂਪੁਰ ਦਾਖਾ 01 ਅਪਰੈਲ (ਸਤਵਿੰਦਰ  ਸਿੰਘ ਗਿੱਲ)  ਪੰਜਾਬ ਅੰਦਰ ਲੋਕ ਸਭਾ ਚੋਣਾਂ 01 ਜੂਨ ਨੂੰ ਹੋਣ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਉੱਧਰ ਪੁਲਿਸ ਵੀ ਅਣਸੁਖਾਵੀਂ ਘਟਨਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ। ਜਿਸਦੇ ਮੱਦੇਨਜ਼ਰ ਅੱਜ ਪੁਲਿਸ ਡਵੀਜਨ ਦਾਖਾ ਵਿਖੇ ਫਲੈਗ ਮਾਰਚ ਕੱਢਿਆ ਗਿਆ ਅਤੇ ਸਥਾਨਕ ਬੱਸ ਅੱਡੇ ’ਤੇ ਸਰਚ ਅਭਿਆਨ ਚਲਾਇਆ ਗਿਆ।  ਜਿਸਦੀ ਅਗਵਾਈ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਕਰ ਰਹੇ ਸਨ। ਉਨ੍ਹਾਂ ਨਾਲ ਜਤਿੰਦਰਪਾਲ ਸਿੰਘ ਡੀ.ਐੱਸ.ਪੀ.ਦਾਖਾ, ਐਸ ਐਚ ਓ ਜਸਵੀਰ ਸਿੰਘ ਤੂਰ, ਬਲਵਿੰਦਰ ਸਿੰਘ ਥਾਣਾ ਮੁਖੀ ਜੋਧਾ, ਜਰਨੈਲ ਸਿੰਘ ਥਾਣਾ ਮੁਖੀ ਸੁਧਾਰ ਤੋਂ ਇਲਾਵਾ ਬੀਐੱਸਐੱਫ ਦੇ ਜਵਾਨ ਤੇ ਪੁਲਿਸ ਕਰਮਚਾਰੀ ਵੱਡੀ ਤਾਦਾਦ ਵਿੱਚ ਸ਼ਾਮਲ ਸਨ। ਇਸ ਮੌਕੇ ਐੱਸ.ਐੱਸ.ਪੀ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਏਰੀਏ ਵਿੱਚ ਕੁੱਲ 269 ਪਿੰਡ ਅਤੇ 47 ਸ਼ਹਿਰੀ ਵਾਰਡ ਪੈਂਦੇ ਹਨ ਅਤੇ 03 ਵਿਧਾਨ ਸਭਾ ਹਲਕੇ ਦਾਖਾ-68, ਰਾਏਕੋਟ 69 ਅਤੇ ਹਲਕਾ ਜਗਰਾਂਉ 70 ਪੈਂਦੇ ਹਨ। ਜਿਹਨਾ ਵਿੱਚ ਕੁੱਲ 612 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਹਨਾਂ ਵਿੱਚ ਕਰੀਬ 51 ਪੋਲਿੰਗ ਸਟੇਸ਼ਨ ਸੰਵੇਦਨਸੀਲ ਹਨ। ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਵਿੱਚ ਸੰਵੇਦਨਸ਼ੀਲ (ਕਰਿਟੀਕਲ) ਪੋਲਿੰਗ ਸਟੇਸ਼ਨਾ ਤੇ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਦੇ ਸੈਕਟਰ ਬਣਾਕੇ 53 ਪੁਲਿਸ ਪੈਟਰੋਲਿੰਗ ਪਾਰਟੀਆਂ ਗਸਤ ਕਰਨ ਲਈ ਤਾਇਨਾਤ ਕੀਤੀਆਂ ਜਾਣਗੀਆਂ। ਲੋਕ ਸਭਾ ਚੋਣਾ-2024 ਨੂੰ ਸਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਕੁੱਲ 53 ਸੈਕਟਰ ਅਫਸਰ ਵੀ ਤਾਇਨਾਤ ਕੀਤੇ ਗਏ ਹਨ। ਬੈਂਸ ਨੇ ਅੱਗੇ ਕਿਹਾ ਕਿ ਚੋਣਾਂ ਨੂੰ ਸ਼ਾਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਮਾਨਯੋਗ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਤੇ ਅਸਲਾ ਧਾਰਕਾ ਦਾ ਲਾਈਸੰਸੀ ਅਸਲਾ ਜਮਾਂ ਕਰਵਾਇਆ ਜਾਵੇਗਾ ਤਾਂ ਜੋ ਆਮ ਲੋਕ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਡਰ/ਭੈਅ ਅਤੇ ਅਮਨ-ਸਾਂਤੀ ਨਾਲ ਕਰ ਸਕਣ।