ਪਰਵਾਸੀ ਪੰਜਾਬੀ ਲੇਖਕ ਸਵ ਸ਼ਿਵਚਰਨ ਗਿੱਲ ਦੀਆਂ ਲਿਖਤਾਂ ਦਾ ਪੁਨਰ ਪ੍ਰਕਾਸ਼ਨ ਕੀਤਾ ਜਾਵੇਗਾ : ਸ਼ਿਵਦੀਪ ਕੌਰ ਢੇਸੀ

ਲੁਧਿਆਣਾ : ਰੂੰਮੀ(ਲੁਧਿਆਣਾ) ਦੇ ਜੰਮਪਲ ਅਤੇ 1964 ਵਿੱਚ ਵਤਨ ਤੋਂ ਅਧਿਆਪਕ ਵਜੋਂ ਵਲਾਇਤ ਗਏ ਪ੍ਰਸਿੱਧ ਪੰਜਾਬੀ ਲੇਖਕ ਸਵਃ ਸ਼ਿਵਚਰਨ ਗਿੱਲ ਦੀ ਯੂ ਕੇ ਤੋਂ ਪੰਜਾਬ ਆਈ ਬੇਟੀ ਸ਼ਿਵਦੀਪ ਕੌਰ ਢੇਸੀ ਨੇ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਿਹਾ ਹੈ ਕਿ ਆਪਣੇ ਬਾਬਲ ਦੀ ਸਾਹਿੱਤਕ ਵਿਰਾਸਤ ਸੰਭਾਲਣ ਲਈ ਸਾਡੇ ਮਾਤਾ ਜੀ ਅਤੇ ਚਹੁੰ ਭੈਣ ਭਰਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਸ਼ਿਵਚਰਨ ਗਿੱਲ ਮੈਮੋਰੀਅਲ ਟਰਸਟ (ਰਜਿਃ )ਵੱਲੋ ਉਨ੍ਹਾਂ ਦੀਆਂ ਦੀਆਂ ਸਾਰੀਆਂ ਲਿਖਤਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਜਾਵੇ। ਇਸ ਗੱਲ ਦੀਆਂ ਸੰਭਾਵਨਾਵਾਂ ਜਾਚਣ ਲਈ ਉਹ ਵੱਖ ਵੱਖ ਪ੍ਰਕਾਸ਼ਕਾਂ ਤੇ ਛਾਪਕਾਂ ਨਾਲ ਵੀ ਰਾਬਤਾ ਕਰਨਗੇ। ਉਨ੍ਹਾਂ ਦੀਆਂ ਲਿਖਤਾਂ ਦੇ ਵੱਖ ਵੱਖ ਪ੍ਰਕਾਸ਼ਕ ਰਹੇ ਹੋਣ ਕਾਰਨ ਹੁਣ ਇੱਕਸਾਰਤਾ ਜ਼ਰੂਰੀ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਬੁਲਾਵੇ ਤੇ ਲੁਧਿਆਣਾ ਪੁੱਜੇ ਸਰਦਾਰਨੀ ਢੇਸੀ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਨੂੰ ਯੋਗ ਅਗਵਾਈ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਦਿੱਲੀ ਦੀਆਂ ਕੁਝ ਯੂਨੀਵਰਸਿਟੀਆਂ ਵਿੱਚ ਖੋਜ ਵਿਦਿਆਰਥੀ ਸ਼ਿਵਚਰਨ ਗਿੱਲ ਜੀ ਦੇ ਨਾਵਲ, ਕਹਾਣੀਆਂ ਤੇ ਵਾਰਤਕ ਬਾਰੇ ਪੀ ਐੱਚ ਡੀ ਕਰ ਰਹੇ ਹਨ ਪਰ ਕਿਤਾਬਾਂ ਦੇ ਐਡੀਸ਼ਨ ਖ਼ਤਮ ਹੋਣ ਕਾਰਨ ਪੀ ਡੀ ਐੱਫ ਕਾਪੀਆਂ ਤੇ ਨਿਰਭਰ ਹੋਣਾ ਪੈ ਰਿਹਾ ਹੈ। ਪ੍ਰੋ ਗੁਰਭਜਨ ਸਿੰਘ ਗਿੱਲ ਨੇ ਸੁਝਾਅ ਦਿੱਤਾ ਕਿ ਸ਼ਿਵਚਰਨ ਗਿੱਲ ਜੀ ਦੇ ਅੱਠ ਕਹਾਣੀ ਸੰਗ੍ਰਹਿਾਂ ਗਊ ਹੱਤਿਆ, ਰੂਹ ਦਾ ਸਰਾਪ, ਭੈਅ ਦੇ ਪ੍ਰਛਾਵੇ, ਬਦਰੰਗ, ਖਰਾ ਖੋਟ, ਸਾਹਾਂ ਦਾ ਭਾਰ, ਮਰਦਾਵੀਂ ਔਰਤ ਤੇ ਖੂਹ ਦੀ ਮਿੱਟੀ ਨੂੰ  ਸੰਪੂਰਨ ਕਥਾ ਰਚਨਾਵਲੀ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ। ਇਵੇਂ ਹੀ ਤਿੰਨ ਨਾਵਲਾਂ ਮੋਹ ਜਾਲ, ਲਾਵਾਰਿਸ ਤੇ ਨਮੋਸ਼ੀ ਨੂੰ ਇੱਕ ਜਿਲਦ ਚ ਕੀਤਾ ਜਾ ਸਕਦਾ ਹੈ। ਵਾਰਤਕ ਦੀਆਂ ਚਾਰ ਪੁਸਤਕਾਂ ਸੋਚ ਵਿਚਾਰ, ਪ੍ਰਸ਼ੰਸਾ ਦਾ ਜਾਦੂ, ਘਾਟ ਘਾਟ ਦਾ ਪਾਣੀ ਤੇ ਕਰਮ ਦੀ ਕਰਾਮਾਤ ਨੂੰ ਵੱਖਰੇ ਸੰਗ੍ਰਹਿ ਦੇ ਰੂਪ ਚ ਇਕੱਠਿਆਂ ਪੇਸ਼ ਕਰਨਾ ਚਾਹੀਦਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਨੇ ਕਿਹਾ  ਇਹ ਸ਼ੁਭ ਸ਼ਗਨ ਹੈ ਕਿ  ਸ਼ਿਵਚਰਨ ਗਿੱਲ ਵਰਗੇ ਮਹਾਨ ਲੇਖਕ ਦੇ ਪਰਿਵਾਰ ਨੇ ਦੂਰਦ੍ਰਿਸ਼ਟੀ ਦਾ  ਅਹਿਸਾਸ ਕਰਦਿਆਂ ਸਾਰੀ ਰਚਨਾ ਦਾ ਪੁਨਰ ਪ੍ਰਕਾਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਾਰਜ ਵਿੱਚ ਜਿਸ ਕਿਸਮ ਦੇ ਸਹਿਯੋਗ ਦੀ ਲੋੜ ਹੋਵੇ, ਅਸੀਂ ਸਭ ਕਰਨ ਨੂੰ ਤਿਆਰ ਹਾਂ। ਸਰਦਾਰਨੀ ਸ਼ਿਵਦੀਪ ਕੌਰ ਢੇਸੀ ਨੂੰ ਇਸ ਮੌਕੇ ਪੁਸਤਕਾਂ ਦਾ ਸੈੱਟ ਤੇ ਤ੍ਰੈਮਾਸਿਕ ਪੱਤਰ ਹੁਣ ਦਾ ਸੱਜਰਾ ਅੰਕ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।