ਫ਼ਤਹਿਗੜ੍ਹ ਸਾਹਿਬ, 23 ਜੂਨ : ਇਫਕੋ ਵੱਲੋਂ ਖਮਾਣੋਂ ਬਲਾਕ ਦੇ ਪਿੰਡ ਰਾਣਵਾ ਦੀ ਸਹਿਕਾਰੀ ਸਭਾ ਵਿੱਚ ਨੈਨੋ ਯੂਰੀਆ ਤੇ ਨੈਨੋ ਡੀ.ਏ.ਪੀ. ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਨੂੰ ਨੈਨੋ ਖਾਦਾਂ ਵਰਤਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਇਫਕੋ ਦੇ ਖੇਤਰੀ ਪ੍ਰਬੰਧਕ ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਫਕੋ ਕਿਸਾਨਾਂ ਦੀ ਸੇਵਾ ਵਿੱਚ ਕੁਆਲਿਟੀ ਖਾਦਾਂ, ਜਾਇਜ਼ ਭਾਅ ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਉਨ੍ਹਾਂ ਨੈਨੋ ਯੂਰੀਆ, ਨੈਨੋ ਡੀ.ਏ.ਪੀ. ਦੇ ਪ੍ਰਯੋਗ ਅਤੇ ਮਹੱਤਵ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਨੈਨੋ ਡੀ.ਏ.ਪੀ. ਦੀ ਵਰਤੋਂ ਨਾਲ ਫ਼ਸਲ ਦੇ ਝਾੜ ਅਤੇ ਕੁਆਲਿਟੀ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਵਰਤਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਤੋਂ ਬਚਿਆ ਰਹਿ ਸਕਦਾ ਹੈ ਉਥੇ ਹੀ ਖੇਤੀ ਖਰਚਿਆਂ ਵਿੱਚ ਵੀ ਘਾਟਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਨੈਨੋ ਡੀ.ਏ.ਪੀ. ਦੀ 500 ਐਮ.ਐਲ ਦੀ ਇੱਕ ਬੋਤਲ, ਡੀ.ਏ.ਪੀ. ਦੇ ਇੱਕ ਬੈਗ ਦੇ ਬਰਾਬਰ ਹੈ, ਜਿਸਦੀ ਕੀਮਤ ਸਿਰਫ 600 ਰੁਪਏ ਹੈ। ਉਨ੍ਹਾਂ ਦੱਸਿਆ ਕਿ ਨੈਨੋ ਖਾਦਾਂ ਨਾਲ ਦਾਣੇ ਥੋਥੇ ਨਹੀਂ ਰਹਿੰਦੇ ਅਤੇ ਨਾਲ ਹੀ ਬੂਟੇ ਦੀ ਇਮਮੂਨਿਟੀ ਵਧਦੀ ਹੈ ਭਾਵ ਕੀੜੇ ਮਕੋੜੇਅਤੇ ਬਿਮਾਰੀਆਂ ਘੱਟ ਲਗਦੀਆਂ ਹਨ।ਨਾਲ ਹੀ ਉਨ੍ਹਾਂ ਇਫਕੋ ਦੀ ਮੁਫ਼ਤ ਸੰਕਟ ਹਰਨ ਬੀਮਾ ਯੋਜਨਾ ਬਾਰੇ ਦੱਸਿਆ, ਜਿਸ ਤਹਿਤ ਇਫਕੋ ਖਾਦ ਖਰੀਦਣ ਤੇ ਕਿਸਾਨ ਦਾ ਮੁਫ਼ਤ ਵਿੱਚ ਇੱਕ ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਹੈ। ਸਹਿਕਾਰਤਾ ਵਿਭਾਗ ਇੰਸਪੈਕਟਰ ਸ਼੍ਰੀ ਰਾਜਵੀਰ ਸਿੰਘ ਨੇ ਇਫਕੋ ਉਤਪਾਦ ਦੀ ਸ਼ਲਾਘਾ ਕੀਤੀ ਅਤੇ ਕਿਸਾਨਾ ਨੂੰ ਇਫਕੋ ਜ਼ਿੰਕ ਵਰਤਣ ਲਈ ਕਿਹਾ, ਜੋ ਕਿ ਬਹੁਤ ਹੀ ਜਾਇਜ਼ ਰੇਟ ਤੇ ਕਿਸਾਨਾਂ ਲਈ ਉਪਲਬਧ ਹੈ। ਇਸ ਮੌਕੇ ਸਹਿਕਾਰੀ ਸਭਾ ਰਾਣਵਾ ਦੇ ਸਕੱਤਰ ਸ਼੍ਰੀ ਮੰਗਲ ਸਿੰਘ, ਗੁਰਪਿਆਰ ਸਿੰਘ, ਬਚਿੱਤਰ ਸਿਘ, ਮਲਕੀਤ ਸਿੰਘ ਨੰਬਰਦਾਰ, ਅਗਾਂਹਵਧੂ ਕਿਸਾਨ ਜਸਵੀਰ ਸਿੰਘ ਰਾਣਵਾ, ਭਗਤ਼ ਸਿੰਘ ਰਾਣਵਾ, ਇਕਬਾਲ ਸਿੰਘ ਰਾਣਵਾ, ਤਰਲੋਚਨ ਸਿੰਘ ਰਾਣਵਾ, ਚਰਨਜੀਤ ਸਿੰਘ ਅਤੇ ਪ੍ਰਧਾਨ ਜਗਤਾਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।