ਫਾਜ਼ਿਲਕਾ, 08 ਜੁਲਾਈ : ਸ਼ਹਿਰ ਵਾਸੀਆਂ ਦੀ ਆਵਾਜਾਈ ਨੂੰ ਨਿਰਵਿਘਨ ਯਕੀਨੀ ਬਣਾਉਣ ਸਦਕਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਬਾਰਿਸ਼ ਖਤਮ ਹੋਣ ਉਪਰੰਤ ਨਾਲ ਦੀ ਨਾਲ ਸ਼ਹਿਰ ਦੇ ਬਜਾਰਾਂ ਵਿਚ ਪਹੁੰਚ ਗਏ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆ ਨੂੰ ਸਖਤੀ ਨਾਲ ਆਦੇਸ਼ ਦਿੰਦਿਆਂ ਕਿਹਾ ਕਿ ਬਾਰਿਸ਼ ਦੇ ਪਾਣੀ ਦੀ ਨਿਕਾਸੀ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜ਼ੋ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਵੀ ਨਾਲ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਮੁੱਖ ਬਜਾਰਾਂ ਜਿਸ ਵਿਚ ਸ਼ਾਸਤਰੀ ਚੌਂਕ, ਘੰਟਾ ਘਰ ਚੌਂਕ, ਅੰਡਰਬ੍ਰਿਜ, ਗੱਲੀਆਂ ਆਦਿ ਮੁੱਖ ਸੜਕਾਂ ਦਾ ਦੌਰਾ ਕੀਤਾ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਅਮਲੇ ਦੀ ਡਿਉਟੀ ਲਗਾਈ ਜਾਵੇ ਤਾਂ ਜ਼ੋ ਟੈਂਕਰਾਂ ਰਾਹੀਂ ਜਾਂ ਹੋਰ ਲੋੜੀਂਦੇ ਪ੍ਰਬੰਧ ਕਰਦਿਆਂ ਜਲਦ ਤੋਂ ਜਲਦ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ਼ ਦੀ ਸਾਫ ਸਫਾਈ ਵੀ ਸਮੇਂ ਸਮੇਂ ਤੇ ਰੱਖੀ ਜਾਵੇ ਤਾਂ ਜ਼ੋ ਪਾਣੀ ਦੀ ਨਿਕਾਸੀ ਨਿਰਵਿਘਨ ਹੁੰਦੀ ਰਹੇ, ਪਾਣੀ ਇਕ ਥਾਈਂ ਖੜਾ ਨਾ ਹੋਣ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਮੌਸਮ ਹੋਣ ਕਰਕੇ ਬਾਰਿਸ਼ ਮੁੜ ਤੋਂ ਆ ਸਕਦੀ ਹੈ, ਇਸ ਕਰਕੇ ਅਗਾਉਂ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਥਾਂ ਥਾਂ *ਤੇ ਡਸਟਬਿਨ ਰੱਖੇ ਜਾਣ ਤਾਂ ਜ਼ੋ ਲੋਕ ਤੇ ਦੁਕਾਨਦਾਰ ਆਪਣਾ ਕੂੜਾ ਕਰਕਟ ਡਸਟਬਿਨਾਂ ਵਿਚ ਸੁਟਣ ਨਹੀਂ ਤਾਂ ਸੜਕਾਂ *ਤੇ ਸੁਟਣ ਨਾਲ ਵੀ ਕੂੜਾ ਪਾਣੀ ਦੇ ਨਾਲ ਰੁੜਣ ਕਰਕੇ ਸੀਵਰੇਜ਼ ਵਿਚ ਪਾਣੀ ਜਾਣ ਵਿਚ ਰੁਕਾਵਟ ਪੈਦਾ ਹੁੰਦੀ ਹੈ ਤੇ ਪਾਣੀ ਦੀ ਨਿਕਾਸੀ ਰੁੱਕ ਜਾਂਦੀ ਹੈ, ਇਸ ਕਰਕੇ ਵੀ ਖਜਲ ਖੁਆਰੀ ਦੀ ਸਥਿਤੀ ਪੈਦੀ ਹੁੰਦੀ ਹੈ। ਉਨ੍ਹਾਂ ਮੁੱਖ ਬਜਾਰਾਂ ਵਿਚ ਕੰਮ ਕਰਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕੂੜਾ ਕਰਕਟ ਸੜਕਾਂ *ਤੇ ਨਾ ਸੁਟਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੁਕਾਨਾ ਦੇ ਬਾਹਰ ਸਮਾਨ ਰੱਖ ਕੇ ਜਾਂ ਦੁਕਾਨ ਦੀ ਹੱਦ ਤੋਂ ਬਾਹਰ ਥੜੇ ਬਣਾ ਕੇ ਜਗਾ ਨਾ ਘੇਰੀ ਜਾਵੇ, ਸਫਾਈ ਸੇਵਕਾਂ ਨੂੰ ਸਾਫ—ਸਫਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਕਰਕੇ ਨਜਾਇਜ ਕਬਜਾ ਨਾ ਕੀਤਾ ਜਾਵੇ ਅਤੇ ਸਿੰਗਲ ਯੁਜ਼ ਪਲਾਸਟਿਕ ਦੀ ਵਰਤੋਂ ਵੀ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਅੰਡਰਬ੍ਰਿਜ ਵਿਖੇ ਪਾਣੀ ਦੀ ਨਿਕਾਸੀ ਦਾ ਕਾਰਜ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਮੌਕੇ ਨਗਰ ਕੌਂਸਲ ਤੋਂ ਸੁਪਰਡੰਟ ਨਰੇਸ਼ ਖੇੜਾ, ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਤੇ ਹੋਰ ਸਟਾਫ ਮੌਜੂਦ ਸੀ।