ਬਰਨਾਲਾ ਸਬ ਡਿਵੀਜ਼ਨ ਦੇ 303 ਉਸਾਰੀ ਕਿਰਤੀਆਂ ਲਈ 60.87 ਲੱਖ ਦੇ ਲਾਭ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ

  • ਭਲਾਈ ਸਕੀਮਾਂ ਦਾ ਲਾਭ ਦੇਣ ਲਈ ਕਿਰਤੀਆਂ ਲਈ ਲਾਏ ਜਾਣ ਵੱਧ ਤੋਂ ਵੱਧ ਕੈਂਪ: ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ
  • ਉਸਾਰੀ ਕਿਰਤੀ ਭਲਾਈ ਬੋਰਡ ਦੀ ਹੋਈ ਮੀਟਿੰਗ

ਬਰਨਾਲਾ, 28 ਨਵੰਬਰ 2024 : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਬਰਨਾਲਾ ਸਬ ਡਿਵੀਜ਼ਨ ਦੇ 303 ਉਸਾਰੀ ਕਿਰਤੀਆਂ ਲਈ 60,87,658 ਰੁਪਏ ਦੇ ਲਾਭ ਨੂੰ ਅੱਜ ਤਹਿਸੀਲ ਪੱਧਰੀ ਉਸਾਰੀ ਕਿਰਤੀ ਵੈਲਫੇਅਰ ਬੋਰਡ ਦੀ ਬੈਠਕ ਦੌਰਾਨ ਪ੍ਰਵਾਨਗੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ਮੈਜਿਸਟ੍ਰੇਟ ਸ. ਗੁਰਬੀਰ ਸਿੰਘ ਕੋਹਲੀ ਨੇ ਦੱਸਿਆ ਕਿ ਇਹ ਕੇਸ ਕਿਰਤ ਵਿਭਾਗ ਦੇ ਮੁੱਖ ਦਫ਼ਤਰ ਪੱਧਰ 'ਤੇ ਮੁੜ ਵਿਚਾਰੇ ਜਾਣ ਤੋਂ ਬਾਅਦ ਲਾਭਪਾਤਰੀਆਂ ਨੂੰ ਲਾਭ ਦੀ ਰਕਮ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਜਾਵੇਗੀ।  ਅੱਜ ਕਮੇਟੀ ਵਲੋਂ ਪਾਸ ਕੀਤੇ ਗਏ ਕੇਸਾਂ ਵਿੱਚ ਵਜ਼ੀਫਾ ਸਕੀਮ ਦੇ 247, ਸ਼ਗਨ ਸਕੀਮ ਦੇ 5, ਐਲ ਟੀ ਸੀ ਦੇ 27, ਐਕਸ ਗਰੇਸ਼ੀਆ ਸਕੀਮ ਦੇ 9, ਦਾਹ ਸੰਸਕਾਰ ਸਕੀਮ ਦੇ 6, ਜਨਰਲ ਸਰਜਰੀ ਸਕੀਮ ਦੇ 1, ਪੈਨਸ਼ਨ ਸਕੀਮ ਦੇ 2, ਮਾਨਸਿਕ ਅਤੇ ਸਰੀਰਕ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਲਈ ਸਕੀਮ ਦੇ 6 ਤੇ ਕੁੱਲ 303 ਅਰਜ਼ੀਆਂ ਨੂੰ ਪ੍ਰਵਾਨ ਕੀਤਾ ਗਿਆ। ਉੱਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਸਰਕਾਰ ਵਲੋਂ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਰਾਹੀਂ ਵੱਖ ਵੱਖ ਲਾਭ ਮੁਹਈਆ ਕਰਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੱਧ ਤੋਂ ਵੱਧ ਕੈਂਪ ਲਏ ਜਾਣ। ਉਨ੍ਹਾਂ ਕਿਹਾ ਕਿ ਬਿਨੈਕਾਰ ਆਪਣੀ ਰਜਿਸਟ੍ਰੇਸ਼ਨ ਸੇਵਾ ਕੇਂਦਰ ਵਿਖੇ ਕਰਾ ਸਕਦਾ ਹੈ। ਇਸ ਮੌਕੇ ਸਹਾਇਕ ਲੇਬਰ ਕਮਿਸ਼ਨਰ ਬਰਨਾਲਾ ਗੁਰਪ੍ਰੀਤ ਸਿੰਘ, ਲੇਬਰ ਇੰਫੋਰਸਮੈਂਟ ਅਫ਼ਸਰ ਹਰਪ੍ਰੀਤ ਕੌਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।