ਸਿਹਤ ਮੰਤਰੀ ਜੌੜੇਮਾਜਰਾ ਵੱਲੋਂ ਗੁਰੂ ਤੇਗ ਬਹਾਦੁਰ ਆਡੀਟੋਰੀਅਮ ਲਈ ਸੱਤ ਲੱਖ ਰੁਪਏ ਦੇਣ ਦਾ ਐਲਾਨ

ਪਟਿਆਲਾ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਦੀਆਂ ਕਲਾ ਦੇ ਜੌਹਰਾਂ ਨੇ ਕੀਲ ਕੇ ਬਿਠਾ ਲਿਆ। ਦਸ ਮਿੰਟ ਲਈ ਹਾਜ਼ਰੀ ਲਵਾਉਣ ਪਹੁੰਚੇ ਸਿਹਤ ਮੰਤਰੀ ਨੇ ਪਹਿਲਾਂ ਗੁਰੂ ਤੇਗ ਬਹਾਦੁਰ ਆਡੀਟੋਰੀਅਮ ਵਿੱਚ ਪੂਰਾ ਨਾਟਕ ਦੇਖਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਲਾ ਭਵਨ ਵਿਖੇ ਲੋਕ ਸਾਜ਼ਾਂ ਦੀ ਇੱਕ ਪੇਸ਼ਕਾਰੀ ਦਾ ਆਨੰਦ ਮਾਣਿਆ। ਉਨ੍ਹਾਂ ਨੇ ਨੌਜਵਾਨ ਕਲਾਕਾਰਾਂ ਦੀ ਕਲਾ ਦੀ ਦਾਦ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਆਪ ਭਾਵੇਂ ਬਹੁਤਾ ਪੜ੍ਹਣ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਦੀ ਸਰਕਾਰ ਸਿਹਤ ਅਤੇ ਸਿੱਖਿਆਂ ਨੂੰ ਹਰ ਪੰਜਾਬੀ ਦੇ ਘੇਰੇ ਵਿੱਚ ਲਿਆਉਣ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਇਸ ਮੌਕੇ ਗੁਰੂ ਤੇਗ ਬਹਾਦੁਰ ਆਡੀਟੋਰੀਅਮ ਦੇ ਸਾਉਂਡ ਸਿਸਟਮ ਨੂੰ ਠੀਕ ਕਰਵਾਉਣ ਲਈ ਆਪਣੇ ਅਫ਼ਤਿਆਰੀ ਖਾਤੇ ਵਿੱਚੋਂ ਸੱਤ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਸੁਆਗਤ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਯੁਵਕ ਅਤੇ ਲੋਕ ਮੇਲੇ ਦੇ ਇੰਤਜ਼ਾਮ ਨੂੰ ਵਿੱਤੀ ਪੱਖੋਂ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲੇ ਪੱਖਾਂ ਨੂੰ ਬਿਹਤਰ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਹੁਣ ਇਹ ਮੁਕਾਬਲੇ ਵਿਦਿਆਰਥੀ ਮੁੱਖੀ ਹੋਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਿੱਖਿਆਂ ਅਤੇ ਸਿਹਤ ਦੇ ਮਾਮਲਿਆਂ ਵਿੱਚ ਕੀਤੀਆਂ ਪਹਿਲਕਦਮੀਆਂ ਨੂੰ ਯੂਨੀਵਰਸਿਟੀਆਂ ਰਾਹੀਂ ਅੱਗੇ ਵਧਾਇਆਂ ਜਾ ਸਕਦਾ ਹੈ। ਉਨ੍ਹਾਂ ਯੁਵਕ ਭਲਾਈ ਵਿਭਾਗ ਦੀ ਤਾਰੀਫ਼ ਕਰਦਿਆਂ ਦੱਸਿਆਂ ਕਿ ਡਾ. ਗਗਨਦੀਪ ਥਾਪਾ ਦੀ ਅਗਵਾਈ ਵਿੱਚ ਸਮੁੱਚੀ ਟੀਮ ਨੇ ਇੰਤਜ਼ਾਮੀਆਂ ਹੁਨਰ ਦੀ ਮਿਸਾਲ ਪੇਸ਼ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਾ ਤੀਜੇ ਦਿਨ ਨਾਟਕਾਂ, ਲੋਕ ਗੀਤਾਂ ਅਤੇ ਲੋਕ ਸਾਜ਼ਾਂ ਦੀ ਪੁਰਜ਼ੋਰ ਨੁਮਾਇਸ਼ ਹੋ ਨਿਬੜਿਆ ਹੈ। ਨਾਟਕਾਂ ਵਿੱਚ ਨਾਟਕੀ ਹੁਨਰ ਅਤੇ ਲੋਕ ਗੀਤਾਂ ਅਤੇ ਲੋਕ ਸਾਜ਼ਾਂ ਦੀ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਵੰਨ-ਸਵੰਨੇ ਅਹਿਸਾਸ ਦੇ ਰੂਬਰੂ ਕੀਤਾ। ਪੇਸ਼ਕਾਰੀਆਂ ਦਾ ਜਾਦੂ ਸੀ ਕਿ ਆਪਣੇ ਸੀਮਤ ਸਮੇਂ ਵਿੱਚੋਂ ਹਾਜ਼ਰੀ ਲਵਾਉਣ ਆਏ ਮੰਤਰੀ ਮਹਿਮਾਨ ਨੌਜਵਾਨ ਕਲਾਕਾਰਾਂ ਨੇ ਕੀਲ ਕੇ ਬਿਠਾ ਲਏ ਅਤੇ ਸਾਰੇ ਹਾਲ ਲਗਾਤਾਰ ਖਚਾਖਚ ਭਰੇ ਰਹੇ। ਚੇਤਨ ਸਿੰਘ ਜੌੜੇਮਾਜਰਾ ਦਾ ਧੰਨਵਾਦ ਕਰਦੇ ਹੋਏ ਐਜੈਕੇਸ਼ਨਲ ਮਲਟੀਮੀਡੀਆ ਰੀਸਚਰ ਸੈਂਟਰ ਡਾਈਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਪੰਜਾਬ ਸਰਕਾਰ ਜੇ ਪੰਜਾਬੀ ਯੂਨੀਵਰਸਿਟੀ ਵਰਗੇ ਅਦਾਰੇ ਦਾ ਹੱਥ ਫੜਦੀ ਹੈ ਤਾਂ ਅਸੀਂ ਆਪਣੇ ਮਨੋਰਥ ਦੀ ਪੂਰਤੀ ਲਈ ਤਨਦੇਹੀ ਨਾਲ ਮਿਆਰੀ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਕਿਸੇ ਦੀ ਬੀਮਾਰੀ ਉੱਤੇ ਹਮਦਰਦੀ ਕਰਨਾ ਸੰਵੇਦਨਾ ਦਾ ਕੰਮ ਹੈ ਜੋ ਬੇਹੱਦ ਜ਼ਰੂਰੀ ਹੈ ਅਤੇ ਇਹ ਕੰਮ ਕਲਾਕਾਰ ਕਰਦੇ ਹਨ ਪਰ ਜਦੋਂ ਅਸੀਂ ਆਪਣੇ ਨਾਲ ਦੇ ਹਰ ਜੀਅ ਨੂੰ ਬੀਮਾਰੀ ਤੋਂ ਬਚਾਉਣ ਲਈ ਹਸਪਤਾਲ ਦੀ ਉਸਾਰੀ ਅਤੇ ਸਸਤਾ ਇਲਾਜ ਸਭ ਦੀ ਪਹੁੰਚ ਵਿੱਚ ਹੋਣ ਦੀ ਦਲੀਲ ਉਸਾਰਦੇ ਹਾਂ ਤਾਂ ਅਸੀਂ ਸੰਵੇਦਨਾ ਨੂੰ ਸੁਹਜ ਤੱਕ ਲੈ ਕੇ ਜਾਂਦੇ ਹਾਂ ਜੋ ਕੰਮ ਅਦਾਰੇ ਕਰਦੇ ਹਨ।