ਕਰੋੜਾਂ ਰੁਪਏ ਖਰਚ ਕੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਕੀਤੀ ਜਾ ਰਹੀ ਕਾਇਆ ਕਲਪ: ਡਿਪਟੀ ਕਮਿਸ਼ਨਰ

  • ਜ਼ਿਲ੍ਹੇ ਦੇ 12 ਪ੍ਰਾਇਮਰੀ ਸਕੂਲਾਂ ਨੂੰ 4.84 ਕਰੋੜ ਖਰਚ ਕੇ ਬਣਾਇਆ ਜਾ ਰਿਹੈ ਸਕੂਲ ਆਫ ਹੈਪੀਨੈੱਸ
  • ਸਰਕਾਰੀ ਸਕੂਲਾਂ ਦੀਆਂ ਨਵੀਂਆਂ ਚਾਰ ਦੀਵਾਰੀਆਂ ਬਣਾਉਣ ਤੇ ਮੁਰੰਮਤ ਕਰਵਾਉਣ ਦੇ ਖਰਚੇ ਜਾ ਰਹੇ ਹਨ 09 ਕਰੋੜ 19 ਲੱਖ ਰੁਪਏ
  • ਸਰਕਾਰੀ ਸਕੂਲਾਂ ਵਿੱਚ 15 ਨਵੇਂ ਕਲਾਸ ਰੂਮ ਬਣਾਉਣ ਲਈ ਖਰਚੇ ਜਾ ਰਹੇ ਹਨ 01 ਕਰੋੜ 12 ਲੱਖ 65 ਹਜ਼ਾਰ ਰੁਪਏ
  • 04 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਟਰਾਂਸਪੋਰਟ ਸਹੂਲਤ

ਫ਼ਤਹਿਗੜ੍ਹ ਸਾਹਿਬ, 08 ਅਗਸਤ 2024 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਨੂੰ ਹੋਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਉਜਵਲ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਫੈਸਲਿਆਂ ਅਨੁਸਾਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਕਰੋੜਾਂ ਰੁਪਏ ਖਰਚ ਕੇ ਕਾਇਆ ਕਲਪ ਕੀਤੀ ਜਾ ਰਹੀ ਹੈ। ਜਿਸ ਅਨੁਸਾਰ ਜ਼ਿਲ੍ਹੇ ਦੇ 12 ਪ੍ਰਾਇਮਰੀ ਸਕੂਲਾਂ ਨੂੰ 04 ਕਰੋੜ 84 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੂਲ ਆਫ ਹੈਪੀਨੈੱਸ ਬਣਾਇਆ ਜਾ ਰਿਹਾ ਹੈ। ਸਕੂਲ ਆਫ ਹੈਪੀਨੈੱਸ ਦੇ ਵਿਦਿਆਰਥੀਆਂ ਨੂੰ ਜਿਥੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਅਤਿ ਆਧੁਨਿਕ ਤਕਨੀਕਾਂ ਨਾਲ ਪੜਾਈ ਕਰਵਾਈ ਜਾਵੇਗੀ ਉਥੇ ਹੀ ਇਨ੍ਹਾਂ ਸਕੂਲਾਂ ਦੇ ਬੁਨਿਆਦੀ ਢਾਂਚਾ ਨੂੰ ਅਪਗ੍ਰੇਡ ਕਰਕੇ ਮਾਡਰਨ ਸਕੂਲ ਬਣਾਇਆ ਜਾਵੇਗਾ। ਸ਼੍ਰੀਮਤੀ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਡੇਟ ਕਰਨ ਲਈ ਜਿਥੇ ਸਰਕਾਰ ਵੱਲੋਂ ਸਕੂਲ ਆਫ ਹੈਪੀਨੈੱਸ ਬਣਾਏ ਜਾ ਰਹੇ ਹਨ ਉਥੇ ਹੀ ਸਰਕਾਰੀ ਸਕੂਲਾਂ ਦੀਆਂ ਨਵੀਂਆਂ ਚਾਰ ਦੀਵਾਰੀਆਂ ਬਣਾਉਣ ਤੇ ਪੁਰਾਣੀਆਂ ਚਾਰ ਦੀਵਾਰੀਆਂ ਦੀ ਮੁਰੰਮਤ ਕਰਨ ਤੇ 09 ਕਰੋੜ 19 ਲੱਖ 89 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ 15 ਨਵੇਂ ਕਲਾਸ ਰੂਮ ਬਣਾਉਣ ਤੇ 01 ਕਰੋੜ 12 ਲੱਖ 65 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਤੇ ਅਤਿ ਆਧੁਨਿਕ ਢੰਗ ਤਰੀਕਿਆਂ ਨਾਲ ਪੜ੍ਹਾਈ ਕਰਵਾਉਣ ਵਾਸਤੇ ਅਮਲੋਹ ਵਿਖੇ 03 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਸ਼ੁਰੂ ਕੀਤਾ ਗਿਆ ਹੈ ਜਦੋਂ ਕਿ 02 ਸਕੂਲਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਦੂਰੋਂ ਆਉਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਜ਼ਿਲ੍ਹੇ ਦੇ 04 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਟਰਾਂਸਪੋਰਟ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 02 ਸਰਕਾਰੀ ਸਕੂਲਾਂ ਵਿੱਚ 22 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੀਂਆਂ ਸਾਂਇੰਸ ਲੈਬ ਵੀ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 41 ਲੱਖ 43 ਹਜ਼ਾਰ ਰੁਪਏ ਦੀ ਲਾਗਤ ਨਾਲ 15 ਸਕੂਲਾਂ ਵਿੱਚ ਲੜਕਿਆਂ ਲਈ ਅਤੇ 21 ਸਕੂਲਾਂ ਵਿੱਚ ਲੜਕੀਆਂ ਲਈ ਨਵੇਂ ਪਖਾਨੇ ਵੀ ਬਣਾਏ ਜਾ ਰਹੇ ਹਨ। ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਸਾਰੀਆਂ ਲੜਕੀਆਂ, ਅਨੁਸੂਚਿਤ ਜਾਤੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਲੜਕਿਆਂ ਲਈ ਸਮੱਗਰ ਸਿੱਖਿਆ ਅਭਿਆਨ ਤਹਿਤ ਅਤੇ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਬਾਕੀ ਰਹਿੰਦੇ ਬੱਚਿਆਂ ਨੂੰ ਸਰਕਾਰ ਵੱਲੋਂ ਮੁਫਤ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਖੇਡਾਂ ਦਾ ਸਮਾਨ, ਮੇਜਰ ਮੁਰੰਮਤ ਅਤੇ ਸਿਵਲ ਵਰਕਸ ਅਧੀਨ ਨਵੇਂ ਕਮਰਿਆਂ ਦੀ ਉਸਾਰੀ, ਨਵੇਂ ਖੇਡ ਮੈਦਾਨ, ਲੜਕੇ ਤੇ ਲੜਕੀਆਂ ਲਈ ਨਵੇਂ ਪਖਾਨਿਆਂ ਦਾ ਨਿਰਮਾਣ, ਖੇਡਾਂ ਦਾ ਸਮਾਨ ਅਤੇ ਸਕੂਲਾਂ ਦੀ ਚਾਰ ਦੀਵਾਰੀ ਬਣਾਉਣ ਤੇ ਪੁਰਾਣੀਆਂ ਚਾਰ ਦੀਵਾਰੀਆਂ ਦੀ ਮੁਰੰਮਤ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ।